ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਨਵੇਂ ਚੁਣੇ ਗਏ 32 ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ

0
59

ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਕਾਰਜ ਨੂੰ ਸਰਵਓਚ ਪਹਿਲ ਦੇਣ ਦੀ ਕੀਤੀ ਅਪੀਲ
ਅਧਿਆਪਕਾਂ ਨੇ ਇਸ ਭਰਤੀ ਰੈਲੀ ਵਿੱਚ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਕੈਪਟਨ ਸਰਕਾਰ ਦਾ ਕੀਤਾ ਧੰਨਵਾਦ


ਜਲੰਧਰ (ਰਮੇਸ਼ ਗਾਬਾ) ਵਿਧਾਇਕ ਰਜਿੰਦਰ ਬੇਰੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ 32 ਨਵੇਂ ਚੁਣੇ ਗਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਨਿਯੁਕਤੀ ਪੱਤਰ ਦਿੰਦੇ ਹੋਏ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਧਿਆਪਕ ਨੂੰ ਭਵਿੱਖ ਦਾ ਨਿਰਮਾਤਾ ਕਰਾਰ ਦਿੰਦਿਆਂ ਕਿਹਾ ਕਿ ਅਧਿਆਪਕ ਨਾ ਸਿਰਫ਼ ਮੁੱਢਲੇ ਦਿਨਾਂ ਵਿੱਚ ਵਿਦਿਆਰਥੀ ਦੀ ਬੁਨਿਆਦ ਰੱਖਦਾ ਹੈ ਸਗੋਂ ਸਿੱਖਿਆ ਦੇ ਕੇ ਉਨ੍ਹਾਂ ਦੇ ਪੂਰੇ ਚਰਿੱਤਰ ਨੂੰ ਆਕਾਰ ਵੀ ਦਿੰਦਾ ਹੈ।
ਅਧਿਆਪਕਾਂ ਦੇ ਨਵੇਂ ਬੈਚ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਵਿਅਕਤੀ ਦੇ ਵਿਕਾਸ ਵਿੱਚ ਅਧਿਆਪਕਾਂ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਉਹ ਵਿਦਿਆਰਥੀਆਂ ਵਿਚ ਜੋ ਕਦਰਾਂ-ਕੀਮਤਾਂ ਪੈਦਾ ਕਰਦੇ ਹਨ, ਉਹ ਸਦੀਵੀਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਉੱਚ ਵਿਕਾਸ ਦੇ ਰਾਹ ‘ਤੇ ਲਿਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਬਦੌਲਤ ਹੀ ਨੈਸ਼ਨਲ ਗਰੇਡਿੰਗ ਇੰਡੈਕਸ ਫਾਰ ਗੌਰਮਿੰਟ ਸਕੂਲਜ਼ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਅਧਾਰ ‘ਤੇ ਕੀਤੇ ਜਾਣ ‘ਤੇ ਪਾਰਦਰਸ਼ੀ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਸ਼ਲਾਘਾ ਵੀ ਕੀਤੀ।
ਆਪਣੀ ਚੋਣ ਲਈ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਅਧਿਆਪਕਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵਿਦਿਆਰਥੀਆਂ ਦੀ ਸੇਵਾ ਕਰਨ ਦਾ ਪ੍ਰਣ ਲਿਆ ਤਾਂ ਜੋ ਸਰਕਾਰੀ ਸਕੂਲਾਂ ਦੇ ਬਿਹਤਰੀਨ ਪ੍ਰਦਰਸ਼ਨ ਦੀ ਗਤੀ ਨੂੰ ਕਾਇਮ ਰੱਖਿਆ ਜਾ ਸਕੇ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਰਾਹੁਲ ਭਾਟੀਆ, ਕੁਲਦੀਪ ਮਿੱਢਾ, ਹਰਜੀਤ, ਅਮਨਪ੍ਰੀਤ ਕੌਰ, ਮਨਪ੍ਰੀਤ, ਉਪੇਕਸ਼ਾ, ਗਾਇਤਰੀ, ਅਨੁਜ, ਕੁਲਵਿੰਦਰ ਕੌਰ, ਸੀਮਾ, ਰਵੀ, ਨੇਹਾ, ਮਨੂੰ, ਕੋਮਲ ਸੰਧੂ, ਸੰਦੀਪ ਕੌਰ, ਦਲਜੀਤ ਕੌਰ, ਰਮਨ ਜੋਸ਼ੀ, ਮਨਦੀਪ ਸਿੰਘ, ਸਰਵਨਦੀਪ ਕੌਰ, ਬਿੰਦੂ ਪੰਮਾ, ਰੰਜਨਾ ਭਾਰਦਵਾਜ, ਦਲਜੀਤ ਕੌਰ, ਜੋਤੀ ਚੁੰਬਰ, ਪ੍ਰਭਜੋਤ, ਗੁਰਿੰਦਰ ਕੌਰ ਅਤੇ ਨਵਜੋਤ ਸ਼ਾਮਲ ਹਨ।