ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਮਹਿਜ਼ 24 ਘੰਟਿਆਂ ’ਚ ਕੀਤਾ ਹੱਲ, 4 ਕਾਬੂ

0
79

ਹੁਸ਼ਿਆਰਪੁਰ (TLT) ਅੱਖਾਂ ‘ਚ ਮਿਰਚਾਂ ਪਾ ਕੇ 6.50 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਮਹਿਜ਼ 24 ਘੰਟਿਆਂ ‘ਚ ਹੱਲ ਕਰਦੇ ਹੋਏ ਵੈਸਟਰਨ ਯੂਨੀਅਨ ਦੁਕਾਨ ਦੇ ਕਰਿੰਦੇ ਸਮੇਤ ਚਾਰ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਰਕਮ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ, ਐਸ.ਐਚ.ਓ. ਥਾਣਾ ਗੜ੍ਹਸ਼ੰਕਰ ਸਤਵਿੰਦਰ ਸਿੰਘ ਦੀ ਟੀਮ ਬਣਾ ਕੇ ਤੁਰੰਤ ਹਰ ਪੱਖ ਤੋਂ ਤਫਤੀਸ਼ ਸ਼ੁਰੂ ਕਰਵਾਈ ਜਿਸ ਦੌਰਾਨ ਪੁਲਿਸ ਨੂੰ ਵਾਰਦਾਤ ਹੱਲ ਕਰਨ ਵਿਚ ਕਾਮਯਾਬੀ ਮਿਲੀ। ਉਨ੍ਹਾਂ ਦੱਸਿਆ ਕਿ 13 ਜੁਲਾਈ ਨੂੰ ਰਾਜੇਸ਼ ਕੁਮਾਰ ਵਾਸੀ ਮਾਹਿਲਪੁਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਜੋ ਕਿ ਕੈਪੀਟਲ ਬੈਂਕ ਮਾਹਿਲਪੁਰ ਤੋਂ ਸਾਢੇ 6 ਲੱਖ ਰੁਪਏ ਕਢਵਾ ਕੇ ਉਸ ਨੂੰ ਦੇਣ ਜਾ ਰਹੇ ਸਨ, ਤੋਂ ਕਰੀਬ ਸਾਢੇ 4 ਵਜੇ ਮਿਲਨ ਪੈਲੇਸ ਨਜ਼ਦੀਕ ਤਿੰਨ ਨਾਮਲੂਮ ਵਿਅਕਤੀ ਅੱਖਾਂ ਵਿੱਚ ਮਿਰਚਾਂ ਪਾ ਕੇ ਰਕਮ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਥਾਣਾ ਮਾਹਿਲਪੁਰ ਵਿਚ ਮਾਮਲਾ ਦਰਜ ਕਰਨ ਉਪਰੰਤ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਦੌਰਾਨ ਲੁੱਟ ਖੋਹ ਵਿਚ ਸ਼ਾਮਲ ਦੁਕਾਨ ਮਾਲਕ ਦੇ ਕਰਿੰਦੇ ਬਲਜਿੰਦਰ ਸਿੰਘ ਸਮੇਤ ਸਾਹਿਲ ਵਾਸੀ ਕੋਟਫਤੂਹੀ, ਰੋਹਿਤ ਵਾਸੀ ਬੁਗਰਾਂ ਅਤੇ ਪ੍ਰਭਜੋਤ ਸਿੰਘ ਵਾਸੀ ਬਿੰਜੋ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਲੁੱਟੀ ਹੋਈ ਰਕਮ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਬਰਾਮਦ ਕੀਤਾ ਗਿਆ।