ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ‘ਚ ਮਨਾਇਆ ਜਾਵੇਗਾ ‘ਮਹਿਮਾਨ ਦਿਵਸ’

0
23

ਜਲੰਧਰ (ਹਰਪ੍ਰੀਤ ਕਾਹਲੋਂ) ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ‘ਮਹਿਮਾਨ ਦਿਵਸ’ ਦੇ ਤੌਰ ਤੇ ਮਨਾਇਆ ਜਾਵੇਗਾ | ਇਸ ਸੰਬੰਧੀ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਨੇ ਕਿਹਾ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਬਹੁਤ ਸਾਰੇ ਪੱਖ ਜਿਵੇਂ ਇਤਿਹਾਸ, ਸੱਭਿਆਚਾਰ, ਪਿੰਡਾਂ ਦਾ ਰਹਿਣ-ਸਹਿਣ ਅਤੇ ਪਿੰਡ ਦਾ ਅਰਥਚਾਰਾ ਆਦਿ ਜੁੜੇ ਹੁੰਦੇ ਹਨ | ਇਸ ਲਈ ਵੱਖ-ਵੱਖ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਇਹ ਬਹੁਤ ਉਸਾਰੂ ਸੁਝਾਅ ਪ੍ਰਾਪਤ ਹੋਇਆ ਹੈ ਕਿ ਵਿਦਿਆਰਥੀਆਂ ਨੂੰ ਕਲਾਸਰੂਮਜ਼ ਵਿੱਚ ਖ਼ਾਸ ਸ਼ਖ਼ਸੀਅਤਾਂ ਨਾਲ ਰੂਬਰੂ ਕਰਵਾਇਆ ਜਾਵੇ ਤਾਂ ਕਿ ਉਹ ਬੱਚਿਆਂ ਨਾਲ ਪਿੰਡਾਂ ਦੇ ਇਤਿਹਾਸ ਬਾਰੇ ਜਾਂ ਗਿਆਨ ਵਿੱਚ ਵਾਧਾ ਕਰਨ ਵਾਲੇ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਣ | ਇਸ ਗਤੀਵਿਧੀ ਤਹਿਤ ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਵਿਦਿਆਰਥੀਆਂ ਦੀ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਰੁਚੀ ਨੂੰ ਵਧਾਉਣ ਲਈ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਨੂੰ ਸਕੂਲ ਪਿ੍ੰਸੀਪਲ/ਸਕੂਲ ਮੁਖੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕ ਆਪਣੇ ਪਿੰਡ/ਸ਼ਹਿਰ ਦੀ ਕਿਸੇ ਖਾਸ ਸ਼ਖ਼ਸੀਅਤ ਜਿਵੇਂ ਪਿੰਡ ਦਾ ਕੋਈ ਬਜ਼ੁਰਗ, ਕੋਈ ਵਿਸ਼ਾ ਮਾਹਿਰ, ਕੋਈ ਰਿਟਾਇਰ ਅਧਿਕਾਰੀ ਜਾਂ ਅਧਿਆਪਕ, ਪਿੰਡ ਦੇ ਸਰਪੰਚ, ਐੱਸ.ਐੱਮ.ਸੀ. ਮੈਂਬਰ ਜਾਂ ਕੋਈ ਐੱਨ. ਆਰ.ਆਈ ਆਦਿ ਨੂੰ ਸਕੂਲ ਵਿਜ਼ਿਟ ਕਰਵਾਉਣਗੇ | ਇਸ ਗਤੀਵਿਧੀ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਮੂਹ ਡੀ.ਐੱਮ/ਬੀ.ਐੱਮ ਅੰਗਰੇਜ਼ੀ/ਸਮਾਜਿਕ ਵਿਗਿਆਨ ਆਪਣਾ ਸਰਗਰਮ ਯੋਗਦਾਨ ਪਾਉਣਗੇ | ਇਸ ਗਤੀਵਿਧੀ ਤਹਿਤ ਪਿੰਡ ਦੇ ਸਰਪੰਚ/ਪੰਚ/ਐੱਸ.ਐੱਮ.ਸੀ ਮੈਂਬਰ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਨੁੱਖੀ ਲੋੜਾਂ, ਲੋਕਤੰਤਰ ਅਤੇ ਸਮਾਨਤਾ, ਸੰਵਿਧਾਨ ਅਤੇ ਕਾਨੂੰਨ ਵਿਸ਼ਿਆਂ ਬਾਰੇ ਅਤੇ ਨੌਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਅਰਥ ਅਤੇ ਮਹੱਤਵ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ |