ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ

0
59

ਬਠਿੰਡਾ (tlt)
ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਦੀ ਅੱਜ ਸਵੇਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਕੁਲਬੀਰ ਨਰੂਆਣਾ ‘ਤੇ ਬਠਿੰਡਾ ਤੋਂ ਆਪਣੇ ਪਿੰਡ ਪਰਤਦਿਆਂ ਹਮਲਾ ਹੋਇਆ ਸੀ ਜਿਸ ਵਿਚ ਉਹ ਵਾਲ-ਵਾਲ ਬਚ ਗਿਆ ਸੀ। ਨਰੂਆਣਾ ਨੇ ਆਪਣੇ ਬਚਾ ਲਈ ਬੁਲਟ ਪਰੂਫ ਗੱਡੀ ਤਿਆਰ ਕਰਵਾਈ ਹੋਈ ਸੀ। ਕੁਝ ਦਿਨ ਪਹਿਲਾਂ ਗੈਂਗਸਟਰ ਨਰੂਆਣਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਨੇ Facebook ‘ਤੇ ਪੋਸਟ ਪਾ ਕੇ ਲਈ ਸੀ ਅਤੇ ਉਸ ਨੂੰ ਧਮਕੀ ਵੀ ਦਿੱਤੀ ਸੀ।
ਗੈਂਗਸਟਰ ਕੁਲਬੀਰ ਨਰੂਆਣਾ ਦੇ ਨਾਲ ਉਸ ਦਾ ਇਕ ਸਾਥੀ ਚਮਕੌਰ ਸਿੰਘ ਵੀ ਮਾਰਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕੁਲਬੀਰ ਨਰੂਆਣਾ ਦੀ ਹੱਤਿਆ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਮੰਨਾ ਵੱਲੋਂ ਕੀਤੀ ਗਈ ਹੈ। ਜਦੋਂ ਕਥਿਤ ਦੋਸ਼ੀ ਕੁਲਵੀਰ ਨਰੂਆਣਾ ਦੇ ਗੋਲ਼ੀਆਂ ਮਾਰ ਕੇ ਭੱਜ ਰਿਹਾ ਸੀ ਤਾਂ ਗੱਡੀ ਅੱਗੇ ਚਮਕੌਰ ਸਿੰਘ ਨੇ ਆ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚਮਕੌਰ ਸਿੰਘ ਉੱਪਰ ਵੀ ਗੱਡੀ ਚੜ੍ਹਾਅ ਦਿੱਤੀ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਗੈਂਗਸਟਰ ਨਰੂਆਣਾ ਪਿਛਲੇ ਕੁਝ ਸਮੇਂ ਤੋਂ ਬਹੁਤਾ ਸਰਗਰਮ ਨਹੀਂ ਸੀ ਤੇ ਉਹ ਆਪਣੀ ਦਿੱਖ ਨੂੰ ਸਮਾਜ ਸੇਵੀ ਵਜੋਂ ਬਣਾਉਣ ਲਈ ਯਤਨ ਕਰ ਰਿਹਾ ਸੀ। ਉਸ ਵੱਲੋਂ ਹਰ ਸਾਲ ਆਪਣੇ ਪਿੰਡ ਵਿਚ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ।