ਸੁਰਜੀਤ ਹਾਕੀ ਸੁਸਾਇਟੀ ਦੀ ਮੰਗ ਤੇ ਖੇਡ ਮੰਤਰੀ ਨੇ ਦਿੱਤਾ ਜਲੰਧਰ ਵਿੱਚ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦਾ ਭਰੋਸਾ ।

0
67

ਜਲੰਧਰ (ਰਮੇਸ਼ ਗਾਬਾ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੁਰਜੀਤ ਹਾਕੀ ਸੁਸਾਇਟੀ ਦੀ ਮੰਗ ਉਪਰ ਜਲੰਧਰ ਵਿੱਚ ਲੜਕਿਆ ਦੀ ਸੁਰਜੀਤ ਹਾਕੀ ਅਕੈਡਮੀ ਦੀ ਤਰਜ਼ ਉਪਰ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦਾ ਭਰੋਸਾ ਦਿੱਤਾ ਹੈ ।

ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਇਕਬਾਲ ਸਿੰਘ ਸੰਧੂ, ਜੁਆਇੰਟ ਸਕੱਤਰ ਰਨਬੀਰ ਸਿੰਘ ਰਾਣਾ ਟੁੱਟ, ਚੀਫ਼ ਪੀ. ਆਰ.ਓ. ਸੁਰਿੰਦਰ ਸਿੰਘ ਭਾਪਾ ਅਤੇ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਵਿਸੇਸ ਮੁਲਾਕਾਤ ਕਰਕੇ ਉਹਨਾਂ ਨੂੰ ਪੰਜਾਬ ਅੰਦਰ ਮਹਿਲਾ ਹਾਕੀ ਦੇ ਪੱਧਰ ਵਿਚ ਆਈ ਭਾਰੀ ਗਿਰਾਵਟ ਦੀ ਚਿੰਤਾ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਦੇਸ਼ ਭਰ ਵਿਚ ਹਾਕੀ ਦੀ ਖੇਡ ਵਿਚ ਹਮੇਸ਼ਾ ਹੀ ਬਾਕੀ ਸੂਬਿਆਂ ਨਾਲੋਂ ਮੋਹਰੀ ਰਿਹਾ ਹੈ ਪਰ ਮਹਿਲਾ ਹਾਕੀ ਦੇ ਪੱਧਰ ਵਿਚ ਭਾਰੀ ਗਿਰਾਵਟ ਦਾ ਪੁੱਖਤਾ ਸਬੂਤ ਇਸ ਗੱਲ੍ਹ ਤੋਂ ਮਿਲਦਾ ਹੈ ਕਿ ਇਸੇ ਮਹੀਨੇ ਓਲੰਪਿਕ ਵਿਖੇ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿਚ ਗੁਆਂਢੀ ਰਾਜ ਹਰਿਆਣਾ ਦੀਆਂ 9 ਖਿਡਾਰਨਾ ਹਨ ਜਦੋਂ ਕਿ ਇਸ ਦੇ ਮੁਕਾਬਲੇ ਪੰਜਾਬ ਦੀ ਕੇਵਲ ਇੱਕ ਖਿਡਾਰੀ ਦੀ ਚੋਣ ਹੋ ਪਾਈ ਹੈ ।

ਸੰਧੂ ਨੇ ਖੇਡ ਮੰਤਰੀ ਨੂੰ ਗਿਰਾਵਟ ਦੇ ਕਾਰਨਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਜਲੰਧਰ ਦੇ ਸਰਕਾਰੀ ਸੀਨੀਅਰ ਗਰਲਜ਼ ਸੈਕੰਡਰੀ ਸਕੂਲ, ਨਹਿਰੂ ਗਾਰਡਨ ਵਿਚ ਤਕਰੀਬਨ 40 ਸਾਲਾਂ ਤੋਂ ਲਗਾਤਾਰ ਦੇਸ਼ ਦਾ ਲੜਕੀਆਂ ਦਾ ਸਿਰਕੱਢ ਹਾਕੀ ਟਰੇਨਿੰਗ ਸੈਂਟਰ ਸਫਲਤਾ ਪੂਰਵਕ ਚੱਲ ਰਿਹਾ ਸੀ, ਜਿਸ ਨੇ ਨਿਸ਼ਾ ਸ਼ਰਮਾ, ਹਰਪ੍ਰੀਤ ਕੌਰ, ਅਜਿੰਦਰ ਕੌਰ, ਰਜਨੀ ਸ਼ਰਮਾ, ਸੁਰਜੀਤ ਬਾਜਵਾ, ਸ਼ਰਨਜੀਤ ਕੌਰ, ਪ੍ਰਿਤਪਾਲ ਕੌਰ, ਰਾਜਬੀਰ ਕੌਰ ਵਰਗੀਆਂ ਓਲੰਪੀਅਨ, ਅੰਤਰਰਾਸ਼ਰੀ ਅਤੇ ਰਾਸ਼ਟਰੀ ਖਿਡਾਰਨਾਂ ਪੈਦਾ ਕਰਨ ਤੋਂ ਇਲਾਵਾ ਸਾਲ 2016 ਤਕ ਪੰਜਾਬ ਨੂੰ ਸਭ ਤੋਂ ਵੱਧ ਕੌਮੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਹਾਸਲ ਕਰਵਾਇਆ ਸੀ ਪਰ ਅਚਾਨਕ ਇਸ ਬੇਹਤਰੀਨ ਅਤੇ ਸਫ਼ਲਤਾ ਪੂਰਵਕ ਚਲਦੇ ਹਾਕੀ ਸੈਂਟਰ ਨੂੰ ਸਾਲ 2016 ਵਿਚ ਇਸ ਨੂੰ ਪੱਕੇ ਤੌਰ ਪਰ ਬੰਦ ਕਰ ਦਿੱਤਾ ਗਿਆ ਜੋ ਪੰਜਾਬ ਵਿੱਚ ਮਹਿਲਾ ਹਾਕੀ ਦੇ ਪੱਤਣ ਦਾ ਮੁੱਖ ਕਾਰਨ ਬਣਿਆ ਹੈ ।

ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਇਕ ਮੰਗ ਪੱਤਰ ਪੇਸ਼ ਕਰਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਮੰਗ ਕੀਤੀ ਗਈ ਲੜਕਿਆਂ ਦੀ ਸੁਰਜੀਤ ਹਾਕੀ ਅਕੈਡਮੀ ਦੀ ਤਰਜ ਉਪਰ ਜਲੰਧਰ ਵਿੱਚ ਮਹਿਲਾ ਹਾਕੀ ਅਕੈਡਮੀ ਸਥਾਪਿਤ ਕੀਤੀ ਜਾਵੇ ।

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੁਸਾਇਟੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਜਲਦ ਹੀ ਪੰਜਾਬ ਦੀ ਮਹਿਲਾ ਹਾਕੀ ਨੂੰ ਸਾਖ ਨੂੰ ਮੁੜ੍ਹ ਤੋਂ ਸੁਰਜੀਤ ਕਰਨ ਲਈ ਜਲੰਧਰ ਵਿੱਚ ਜਲਦ ਹੀ ਮਹਿਲਾ ਹਾਕੀ ਅਕੈਡਮੀ ਨੂੰ ਸਥਾਪਿਤ ਕਰ ਦਿੱਤਾ ਜਾਵੇਗਾ ।