ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ-ਇਮੈਨੂਅਲ ਨਾਹਰ

0
49

ਕਬਰਿਸਤਾਨਾਂ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਕਪੂਰਥਲਾ (TLT)
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ.ਇਮੈਨੂਅਲ ਨਾਹਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਘੱਟ ਗਿਣਤੀਆਂ ਨਾਲ ਸਬੰਧਤ ਮਾਮਲਿਆਂ ਦਾ ਯੋਗ ਹੱਲ ਪਹਿਲ ਦੇ ਆਧਾਰ ਉਪਰ ਕਰਵਾਇਆ ਜਾਵੇ।

ਅੱਜ ਇੱਥੇ ਸਥਾਨਕ ਸਰਕਟ ਹਾਊਸ ਵਿਖੇ ਘੱਟ ਗਿਣਤੀ ਨਾਲ ਸਬੰਧਿਤ ਭਾਈਚਾਰਿਆਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਦੌਰਾਨ ਉਨਾਂ ਕਿਹਾ ਕਿ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਈਸਾਈ ਅਤੇ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨਾਂ ਲਈ ਢੁਕਵੀਂ ਜਗ੍ਹਾ ਨਹੀਂ ਮਿਲ ਰਹੀ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ 10 ਦਿਨਾਂ ਦੇ ਅੰਦਰ ਅੰਦਰ ਸ਼ਾਮਲਾਟ ਅਤੇ ਹੋਰ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ 10 ਦਿਨ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੇ। ਉਨਾਂ ਕਿਹਾ ਕਿ ਪਹਿਚਾਣ ਕੀਤੀ ਜ਼ਮੀਨ ਨੂੰ ਰਸਤਾ ਹੋਣਾ ਯਕੀਨੀ ਬਣਾਇਆ ਜਾਵੇ।

ਉਨਾਂ ਨਾਲ ਹੀ ਪੰਚਾਇਤ ਵਿਭਾਗ ਅਤੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਬਰਿਸਤਾਨਾਂ ਦੀਆਂ ਥਾਵਾਂ ਉੱਪਰ ਹਰ ਤਰ੍ਹਾਂ ਦੇ ਕਬਜ਼ੇ ਹਟਾਉਣ ਦੀ ਕਾਰਵਾਈ ਤੁਰੰਤ ਆਰੰਭੀ ਜਾਵੇ।ਉਨਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਬਰਿਸਤਾਨਾਂ ਦੀਆਂ ਜ਼ਮੀਨਾਂ ਦੀ ਵੇਚ ਅਤੇ ਖਰੀਦ ਬਿਲਕੁਲ ਨਹੀਂ ਹੋ ਸਕਦੀ।ਚੇਅਰਮੈਨ ਵਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋ ਘੱਟ ਗਿਣਤੀਆਂ ਦੇ ਕਬਰਿਸਤਾਨਾਂ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਤੌਰ ਉਪਰ 20 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ ਜੋਕਿ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ।

ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਘੱਟ ਗਿਣਤੀਆਂ ਦੀ ਭਲਾਈ ਲਈ ਚਲ ਰਹੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ।ਇਸ ਤੋਂ ਇਲਾਵਾ ਉਨਾਂ ਇਸ ਗੱਲ ਨੂੰ ਵੀ ਗੰਭੀਰਤਾ ਨਾਲ ਲਿਆ ਕਿ ਕੁਝ ਥਾਵਾਂ ਤੇ ਘੱਟ ਗਿਣਤੀ ਨਾਲ ਸਬੰਧਿਤ ਲੋਕਾਂ ਨੂੰ ਬੀਸੀ ਅਤੇ ਓਬੀਸੀ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ।ਉਨਾਂ ਸਪੱਸ਼ਟ ਕੀਤਾ ਕਿ ਅਜਿਹਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਨਾਂ ਜ਼ਿਲ੍ਹਾ ਪੱਧਰ ਦੀਆਂ ਸ਼ਿਕਾਇਤ ਨਿਵਾਰਨ ਅਤੇ ਪੀਸ ਕਮੇਟੀਆਂ ਵਿੱਚ ਘੱਟ ਗਿਣਤੀ ਦੇ ਲੋਕਾਂ ਨੂੰ ਬਣਦੀ ਪ੍ਰਤਿਨਿੱਧਤਾ ਦੇਣ ਦੇ ਵੀ ਹੁਕਮ ਦਿੱਤੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਅਦਿੱਤਯਾ ਉੱਪਲ,ਵਧੀਕ ਡਿਪਟੀ ਕਮਿਸ਼ਨਰ(ਵ) ਐਸ.ਪੀ ਆਂਗਰਾ,ਐਸਡੀਐਮ ਵਰਿੰਦਰਪਾਲ ਸਿੰਘ ਬਾਜਵਾ,ਐਸ ਪੀ ਜਸਬੀਰ ਸਿੰਘ ,ਡੀਡੀਪੀਓ ਨਿਰੀਜ ਕੁਮਾਰ ,ਜ਼ਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ,ਡਿਪਟੀ ਮੈਡੀਕਲ ਕਮਿਸ਼ਨਰ ਡਾ ਸਾਰਿਕਾ ਦੁੱਗਲ, ਜ਼ਿਲ੍ਹਾ ਭਲਾਈ ਅਫਸਰ ਜਗਦੇਵ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਗੁਰਦੀਪ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ,ਬੀਡੀਪੀਓ ਅਮਰਜੀਤ ਸਿੰਘ ਹਾਜਰ ਸਨ ।