18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਆਨਲਾਈਨ ਕੁਇੱਜ਼ ਮੁਕਾਬਲੇ 5 ਜੁਲਾਈ ਨੂੰ : ਡਿਪਟੀ ਕਮਿਸ਼ਨਰ

0
122

ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਨਗਦ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨਿਤ
ਜਲੰਧਰ (ਰਮੇਸ਼ ਗਾਬਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਚੋਣ ਦਫਤਰ, ਪੰਜਾਬ, ਚੰਡੀਗੜ੍ਹ ਵੱਲੋਂ 5 ਜੁਲਾਈ 2021 ਨੂੰ ਸ਼ਾਮ 4:00 ਵਜੇ ਕੈਂਪਸ ਅੰਬੈਸਡਰਾਂ, ਈ.ਐਲ.ਸੀ ਮੈਂਬਰਾਂ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਸੰਵਿਧਾਨ ਆਧਾਰਤ ਲੋਕਤੰਤਰ ਮੁਹਿੰਮ ਦੇ ਤੀਜੇ ਪੜਾਅ ਤਹਿਤ ਆਨਲਾਈਨ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਕੁਇੱਜ਼ ਮੁਕਾਬਲੇ ਲਿੰਕ ‘ਤੇ ਮੌਜੂਦ 7 ਵੀਡੀਓਜ਼ ਦੇ ਆਧਾਰ ‘ਤੇ ਕਰਵਾਏ ਜਾਣਗੇ ਅਤੇ ਮੁਕਾਬਲੇ ਲਈ ਲਿੰਕ ਦੁਪਹਿਰ 03:50 ਵਜੇ ਫੇਸਬੁੱਕ ਅਤੇ ਟਵਿਟਰ ‘ਤੇ ਸਾਂਝਾ ਕੀਤਾ ਜਾਵੇਗਾ ।
ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਕੁਇੱਜ਼ ਲਈ ਕੁੱਲ 25 ਸਵਾਲਾਂ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਕੁਇੱਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰ ਕੇ ਜਮ੍ਹਾ ਕਰਵਾਉਣਾ ਹੋਵੇਗਾ ਕਿਉਂਕਿ 15 ਮਿੰਟ ਤੋਂ ਬਾਅਦ ਕੁਇੱਜ਼ ਨੂੰ ਜਮ੍ਹਾ ਨਹੀਂ ਹੋ ਸਕੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਪ੍ਰਮਾਣ ਪੱਤਰ ਦੇ ਨਾਲ ਕ੍ਰਮਵਾਰ 1100, 800 ਅਤੇ 500 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਚੋਣ ਦਫ਼ਤਰ, ਪੰਜਾਬ, ਚੰਡੀਗੜ੍ਹ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ।