ਫ਼ੀਸਾਂ ‘ਚ ਕੀਤੇ ਵਾਧੇ ਕਾਰਨ ਦਿੱਤੀ ਸੰਘਰਸ਼ ਦੀ ਚਿਤਾਵਨੀ

0
30

ਪਟਿਆਲਾ (TLT) ਪੰਜਾਬੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ, ਕਾਂਸਟੀਚੂਐਂਟ ਕਾਲਜ, ਰੀਜਨਲ ਸੈਂਟਰ ਤੇ ਨੇਬਰਹੁੱਡ ਕੈਂਪਸ ਵਿਚ 10 ਫ਼ੀਸਦ ਵਧਾਈਆਂ ਫੀਸਾਂ ਅਤੇ ਯੂਨੀਵਰਸਿਟੀ ਕਾਲਜਾਂ ਨੂੰ ਜਾਰੀ ਕੀਤੀ ਨੋਟੀਫ਼ਕੇਸ਼ਨ ਖਿਲਾਫ ਵਿਦਿਆਰਥੀ ਜਥੇਬੰਦੀਆਂ ਦਾ ਵਫ਼ਦ ਸਾਂਝੇ ਤੌਰ ‘ਤੇ ਵੀਸੀ ਅਰਵਿੰਦ ਨੂੰ ਮਿਲਿਆ।

ਇਸ ਮੌਕੇ ਵਿਦਿਆਰਥੀ ਆਗੂ ਜਸਵਿੰਦਰ, ਹੁਸ਼ਿਆਰ ਸਲੇਮਗੜ੍ਹ, ਰਸ਼ਪਿੰਦਰ ਜਿੰਮੀ, ਅਮਨਦੀਪ, ਵਰਿੰਦਰ, ਗਗਨਦੀਪ, ਸੁਖਦੀਪ ਰਾਮਾਨੰਦੀ, ਅੰਮਿ੍ਤ, ਜਗਤਾਰ ਤੇ ਮਨਪ੍ਰਰੀਤ ਨੇ ਵੀਸੀ ਡਾ. ਅਰਵਿੰਦ, ਡੀਨ ਅਕਾਦਮਿਕ ਡਾ. ਬਲਵੀਰ ਸੰਧੂ ਤੇ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਨਾਲ ਮੀਟਿੰਗ ਕੀਤੀ।

ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਪਸ, ਕਾਂਸਟੀਚੂਐਂਟ ਕਾਲਜਾਂ, ਰੀਜਨਲ ਸੈਂਟਰਾਂ ਤੇ ਨੇਬਰਹੁੱਡ ਕੈਪਸ ਦੀਆਂ ਵਧਾਈਆਂ 10 ਫ਼ੀਸਦੀ ਫੀਸਾਂ, ਕਾਸਟੀਚੂਐਂਟ ਕਾਲਜਾਂ ਦੇ ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਅਤੇ ਨਾਲ ਹੀ ਕਾਸਟੀਚੂਐਂਟ ਕਾਲਜਾਂ ਵਿਚ 50 ਫ਼ੀਸਦੀ ਤੋਂ ਘੱਟ ਦਾਖ਼ਲਿਆਂ ਵਾਲੇ ਕੋਰਸ ਬੰਦ ਕਰਨ, ਜੀਐੱਸਟੀ ਤੇ ਟਰਾਂਸਕ੍ਰਿਪਟ ਫੀਸ ਵਧਾਉਣ ਦੇ ਫਰਮਾਨ ਫੌਰੀ ਵਾਪਸ ਲਏ ਜਾਣ ਦੀ ਮੰਗ ਕੀਤੀ।

ਇਸ ਮੌਕੇ ਵਾਈਸ ਚਾਂਸਲਰ ਪੋ੍. ਅਰਵਿੰਦ ਨੇ ਤਮਾਮ ਮੰਗਾਂ ਬਾਰੇ ਕਿਹਾ ਕਿ ਯੂਨੀਵਰਸਿਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਅਜਿਹੇ ਕਦਮ ਜ਼ਰੂਰੀ ਹਨ। ਨਾਲ ਹੀ ਸਰਕਾਰ ਵੱਲੋਂ ਐਲਾਨੀ 90 ਕਰੋੜ ਦੀ ਗ੍ਰਾਂਟ ਲੈਣ ਲਈ ਸਰਕਾਰ ਨੇ ਫੀਸ ਵਧਾਉਣ ਦੀ ਸ਼ਰਤ ਲਾਈ ਹੈ। ਇਸ ‘ਤੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਗ੍ਰਾਂਟ ਤਾਂ ਵਿਦਿਆਰਥੀਆਂ ਦੇ ਵਿਰੋਧ ਦੀ ਆਵਾਜ਼ ਦਾ ਸਿੱਟਾ ਹੈ ਨਾ ਕਿ ਸਰਕਾਰ ਨੇ ਆਪਣੇ ਤੌਰ ‘ਤੇ ਯੂਨੀਵਰਸਿਟੀ ਨੂੰ ਜਾਰੀ ਕੀਤੀ ਹੈ। ਮੀਟਿੰਗ ਦੀ ਸਮਾਪਤੀ ਤੇ ਫੀਸਾਂ ਦੇ ਵਾਧੇ ਨੂੰ ਵਾਪਸ ਕਰਾਉਣ ਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਇਨ੍ਹਾਂ ਜੱਥੇਬੰਦੀਆਂ ਨੇ ਸਾਂਝੇ ਤੌਰ ‘ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਇਸ ਮੌਕੇ ਕੋਮਲ ਖਨੌਰੀ, ਸੰਦੀਪ ਕੌਰ, ਹਰਪ੍ਰਰੀਤ, ਲਖਵਿੰਦਰ ਸਿੰਘ, ਪਿ੍ਤਪਾਲ ਸਿੰਘ ਤੇ ਅਮੋਲਕ ਸਿੰਘ ਆਦਿ ਵਿਦਿਆਰਥੀ ਆਗੂ ਹਾਜ਼ਰ ਸਨ