ਦੋਸਤਾਂ ਦੇ ਕਹਿਣ ‘ਤੇ ਅਣਤਾਰੂ ਨੌਜਵਾਨ ਨੇ ਭਾਖੜਾ ਨਹਿਰ ‘ਚ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ

0
45

 ਸਮਾਣਾ (TLT)  ਨੌਜਵਾਨ ਨੂੰ ਭਾਖੜਾ ਨਹਿਰ ‘ਚ ਛਾਲ ਮਾਰਨ ਲਈ ਹੱਲਾਸ਼ੇਰੀ ਦੇਣ ‘ਤੇ ਨੌਜਵਾਨ ਦੇ ਦੋ ਸਾਥੀਆਂ ਖ਼ਿਲਾਫ਼ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਰਾਮਫਲ ਨਿਵਾਸੀ ਪਿੰਡ ਲੰਗੜੋਈ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਬੇਟਾ ਮੰਗਾ ਸਿੰਘ (22) ਮਿਹਨਤ ਮਜ਼ਦੂਰੀ ਕਰਦਾ ਸੀ ਪਰ ਉਸ ਨੂੰ ਤੈਰਨਾ ਨਹੀਂ ਆਉਦਾ ਸੀ। ਉਸ ਦੇ ਦੋ ਸਾਥੀ ਨੌਜਵਾਨ ਮੰਗਾ ਰਾਮ ਤੇ ਰਵੀਦਾਸ ਵਾਸੀ ਪਿੰਡ ਲੰਗੜੋਈ ਨਹਾਉਣ ਲਈ ਉਸ ਨੂੰ ਚੌਂਹਠ ਪਿੰਡ ਨੇੜੇ ਭਾਖੜਾ ਨਹਿਰ ‘ਤੇ ਲੈ ਗਏ।

ਇਹ ਜਾਣਦੇ ਹੋਏ ਵੀ ਕਿ ਉਹ ਤੈਰਨਾ ਨਹੀਂ ਜਾਣਦਾ, ਉਸ ਨੂੰ ਉਕਸਾ ਕੇ ਭਾਖੜਾ ਨਹਿਰ ਦੇ ਡੂੰਘੇ ਪਾਣੀ ‘ਚ ਛਾਲ ਮਰਵਾ ਦਿੱਤੀ ਤੇ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਿਆ। ਮੁਲਜ਼ਮ ਨੌਜਵਾਨਾਂ ਨੇ ਉਸ ਦੇ ਰੁੜ ਜਾਣ ਦੀ ਗੱਲ ਨੂੰ ਛੁਪਾਉਣ ਲਈ ਉਸ ਦੇ ਕੱਪੜੇ ਅਤੇ ਮੋਬਾਈਲ ਵੀ ਭਾਖੜਾ ਨਹਿਰ ‘ਚ ਸੁੱਟ ਦਿੱਤੇ। ਪੁਲਿਸ ਅਧਿਕਾਰੀ ਅਨੁਸਾਰ ਡੁੱਬੇ ਨੌਜਵਾਨ ਦੇ ਪਿਤਾ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਸਦਰ ਪੁਲਿਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ।