ਛੋਟਾ ਹਾਥੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਔਰਤ ਦੀ ਮੌਤ

0
62

ਫਿਰੋਜ਼ਪੁਰ (tlt) ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਸੇਠਾਂ ਦੇ ਸ਼ਮਸ਼ਾਨਘਾਟ ਦੇ ਕੋਲ ਛੋਟਾ ਹਾਥੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਛੋਟਾ ਹਾਥੀ ਦੇ ਚਾਲਕ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਰਜਨ ਪੁੱਤਰ ਬਰਕਤ ਵਾਸੀ ਪਿੰਡ ਝੋਕ ਹਰੀਹਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਾਇਲ (30 ਸਾਲ) ਤੇ ਛੋਟਾ ਲੜਕਾ ਵਿਨਾਇਕ (5 ਸਾਲ) ਨਾਲ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਪਲੱਸ ਨੰਬਰ ਪੀਬੀ 05 ਐੱਸ 6584 ਤੇ ਸਵਾਰ ਹੋ ਕੇ ਪਿੰਡ ਬਾਜੀਦਪੁਰ ਤੋਂ ਝੋਕ ਹਰੀਹਰ ਨੂੰ ਜਾ ਰਹੇ ਸੀ ਜਦ ਉਹ ਦਾਣਾ ਮੰਡੀ ਪਿੰਡ ਨੂਰਪੁਰ ਸੇਠਾਂ ਤੋਂ ਥੋੜ੍ਹਾ ਅੱਗੇ ਸ਼ਮਸ਼ਾਨਘਾਟ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇਕ ਛੋਟਾ ਹਾਥੀ ਜਿਸ ਦੀ ਡਰਾਈਵਰ ਵਾਲੀ ਸਾਇਡ ਵਾਲੀ ਲਾਇਟ ਬੰਦ ਸੀ ਤੇ ਡਰਾਈਵਰ ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਝੋਕ ਹਰੀਹਰ ਉਸ ਛੋਟੇ ਹਾਥੀ ਨੂੰ ਤੇਜ਼ ਰਤਫਤਾਰ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਜਿਸ ਨੇ ਛੋਟਾ ਹਾਥੀ ਲਿਆ ਕੇ ਉਸ ਦੇ ਮੋਟਰਸਾਈਕਲ ਵਿਚ ਮਾਰਿਆ। ਇਸ ਹਾਦਸੇ ਵਿਚ ਉਹ ਤੇ ਉਸ ਦੀ ਪਤਨੀ ਪਾਇਲ ਦੇ ਸੱਟਾਂ ਲੱਗੀਆਂ ਸਨ ਤੇ ਮੋਟਰਸਾਈਕਲ ਨੁਕਸਾਨਿਆ ਗਿਆ ਸੀ। ਅਰਜਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਾਇਲ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਉਸ ਨੂੰ ਇਲਾਜ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਲਿਜਾ ਰਹੇ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਛੋਟਾ ਹਾਥੀ ਲੈ ਕੇ ਫਰਾਰ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਛੋਟਾ ਹਾਥੀ ਦੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ