ਸਰਕਾਰੀ ਸਕੂਲ ਦੇ ਚਪੜਾਸੀ ਘਰੋਂ 50 ਪੇਟੀਆਂ ਸ਼ਰਾਬ ਬਰਾਮਦ

0
47

ਗੁਰਦਾਸਪੁਰ (TLT) ਜ਼ਿਲ੍ਹਾ ਗੁਰਦਾਸਪੁਰ ‘ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਪਿੰਡ ਚਗੁਵਾਲ ਵਿੱਚ ਵੱਡੀ ਕਾਰਵਾਈ ਕੀਤੀ। ਇਸ ਤਹਿਤ ਈਟੀਓ ਰਾਜਿੰਦਰ ਤੰਵਰ ਨੇ ਖ਼ੁਦ ਟੀਮ ਨਾਲ ਪਿੰਡ ਚਗੁਵਾਲ ਪਹੁੰਚ ਕੇ ਇੱਕ ਸਰਕਾਰੀ ਸਕੂਲ ਦੇ ਚਪੜਾਸੀ ਦੇ ਘਰ ਰੇਡ ਕੀਤੀ। ਇਸ ਦੌਰਾਨ ਉਸ ਕੋਲੋਂ ਕਰੀਬ 50 ਪੇਟੀਆਂ ਚੰਡੀਗੜ੍ਹ ਦੀ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ।

ਦੱਸ ਦਈਏ ਕਿ ਤਸਕਰ ਨੇ ਇਹ ਸ਼ਰਾਬ ਅਲਮਾਰੀ ਵਿੱਚ ਲੁਕਾ ਕੇ ਰੱਖੀ ਹੋਈ ਸੀ। ਫਿਲਹਾਲ ਨਜਾਇਜ਼ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਚਪੜਾਸੀ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਰੇਡ ਦੌਰਾਨ ਗੱਲਬਾਤ ਕਰਦਿਆਂ ਈਟੀਓ ਰਾਜਿੰਦਰ ਤੰਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਗੁਵਾਲ ਵਿੱਚ ਇੱਕ ਵਿਅਕਤੀ ਆਪਣੇ ਘਰ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਅੱਜ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇੱਕ ਫਰਜ਼ੀ ਗਾਹਕ ਨੂੰ ਸ਼ਰਾਬ ਖਰੀਦਣ ਲਈ ਉਕਤ ਵਿਅਕਤੀ ਦੇ ਘਰ ਭੇਜਿਆ ਗਿਆ। ਵਿਅਕਤੀ ਨੇ ਉਸ ਕੋਲੋਂ 5 ਬੋਤਲਾਂ ਖ਼ਰੀਦੀਆਂ ਤੇ ਇਸੇ ਦੌਰਾਨ ਟੀਮ ਨੇ ਛਾਪਾਮਾਰੀ ਕੀਤੀ।

ਮੁਲਜ਼ਮ ਦੇ ਘਰ ਕੀਤੀ ਰੇਡ ਦੌਰਾਨ ਵਿਅਕਤੀ ਦੇ ਘਰ ਦੇ ਵੱਖ-ਵੱਖ ਕਮਰਿਆਂ ਵਿੱਚੋਂ ਅਲਮਾਰੀਆਂ ਅੰਦਰ ਲੁਕਾ ਕੇ ਰੱਖੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਪੂਰੀ ਵੱਡੀ ਅਲਮਾਰੀ ਵਿੱਚ ਵੀ ਸ਼ਰਾਬ ਲੁਕਾ ਕੇ ਰੱਖੀ ਹੋਈ ਸੀ ਜਿਸ ਨੂੰ ਕਢਵਾ ਕੇ ਗਿਣਤੀ ਕੀਤੀ ਗਈ ਤਾਂ ਤਕਰੀਬਨ 50 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਆਦਾਤਰ ਸ਼ਰਾਬ ਉੱਪਰ ਚੰਡੀਗੜ੍ਹ ਨਾਲ ਸਬੰਧਤ ਸ਼ਰਾਬ ਦੇ ਲੇਬਲ ਲੱਗੇ ਹੋਏ ਹਨ ਤੇ ਕੁਝ ਬੋਤਲਾਂ ਬਗੈਰ ਲੇਬਲ ਤੋਂ ਵੀ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਲਿਆ ਕੇ ਉਸ ਉਪਰ ਜਾਅਲੀ ਲੇਬਲ ਲਗਾਉਣ ਦਾ ਕੰਮ ਵੀ ਕਰਦਾ ਸੀ।

ਈਟੀਓ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਿਅਕਤੀ ਇੱਕ ਸਰਕਾਰੀ ਸਕੂਲ ਵਿੱਚ ਚਪੜਾਸੀ ਵਜੋਂ ਸਰਕਾਰੀ ਨੌਕਰੀ ਕਰਦਾ ਹੈ। ਆਪਣੇ ਘਰ ਵਿੱਚੋਂ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਵੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।