ਵਸਨੀਕਾਂ ਦੇ ਲਾਭਹਿੱਤ, ਹੰਬੜਾਂ ਰੋਡ ‘ਤੇ ਖੁੱਲੇਗਾ ਸਬ-ਡਵੀਜ਼ਨ ਦਫ਼ਤਰ – ਭਾਰਤ ਭੂਸ਼ਣ ਆਸ਼ੂ

0
56

ਕਿਹਾ! 65 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਨੂੰ ਹੋਵੇਗਾ ਸਿੱਧੇ ਤੌਰ ‘ਤੇ ਫਾਇਦਾ
ਕਿਹਾ! ਵਸਨੀਕ ਆਪਣੀਆਂ ਸ਼ਿਕਾਇਤਾਂ ਅਤੇ ਬਿਜਲੀ ਦੇ ਬਿੱਲ ਇਸ ਦਫ਼ਤਰ ਵਿਖੇ ਕਰਵਾ ਸਕਣਗੇ ਜਮ੍ਹਾਂ
ਸਬ-ਡਵੀਜ਼ਨ ਦਫ਼ਤਰ ਸਥਾਪਤ ਕਰਨ ਸਬੰਧੀ ਪੀ.ਐਸ.ਪੀ.ਸੀ.ਐਲ. ਨੂੰ 500 ਗਜ ਜ਼ਮੀਨ ਅਲਾਟ ਕਰਨ ਲਈ ਮੇਅਰ ਨੂੰ ਦਿੱਤੇ ਨਿਰਦੇਸ਼
ਭਾਰਤ ਭੂਸ਼ਣ ਆਸ਼ੂ ਨੇ ਹੰਬੜਾਂ ਰੋਡ ‘ਤੇ 24×7 ਪੀ.ਐਸ.ਪੀ.ਸੀ.ਐਲ. ਨੋਡਲ ਸ਼ਿਕਾਇਤ ਕੇਂਦਰ ਦਾ ਕੀਤਾ ਉਦਘਾਟਨ
ਸ਼ਿਕਾਇਤ ਨਿਵਾਰਣ ਵਾਹਨ ਨੂੰ ਵੀ ਦਿੱਤੀ ਹਰੀ ਝੰਡੀ

ਲੁਧਿਆਣਾ (TLT) ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ 65 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਦੇ ਲਾਭਹਿੱਤ ਹੈਬੋਵਾਲ ਕਲਾਂ, ਹੈਬੋਵਾਲ ਖੁਰਦ, ਪ੍ਰਤਾਪ ਸਿੰਘ ਵਾਲਾ, ਡੇਅਰੀ ਕੰਪਲੈਕਸ, ਹੰਬੜਾਂ ਰੋਡ, ਬੱਲੋਕੇ, ਜੱਸੀਆਂ ਰੋਡ, ਚੂਹੜਪੁਰ, ਲਾਦੀਆਂ, ਰਿਸ਼ੀ ਨਗਰ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਲਈ ਇਕ ਸਬ ਡਵੀਜ਼ਨਲ ਦਫ਼ਤਰ ਦਾ ਨਿਰਮਾਣ ਸਥਾਨਕ ਹੰਬੜਾਂ ਰੋਡ ‘ਤੇ ਫਾਇਰ ਸਟੇਸ਼ਨ ਦੇ ਨਾਲ ਲਗਦੀ ਨਗਰ ਨਿਗਮ ਦੀ 500 ਵਰਗ ਗਜ ਜਮੀਨ ‘ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਲਈ ਇਸ ਦਫ਼ਤਰ ਵਿੱਚ ਦੋ ਐਸ.ਡੀ.ਓ. ਅਤੇ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ।

ਸ੍ਰੀ ਆਸ਼ੂ ਨੇ ਇਹ ਜਾਣਕਾਰੀ ਅੱਜ ਸਥਾਨਕ ਹੰਬੜਾਂ ਰੋਡ ਵਿਖੇ 24×7 ਪੀ.ਐਸ.ਪੀ.ਸੀ.ਐਲ. ਨੋਡਲ ਸ਼ਿਕਾਇਤ ਕੇਂਦਰ ਦਾ ਉਦਘਾਟਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਨੋਡਲ ਸੈਂਟਰ ਦੇ ਕਾਰਜ਼ਸੀਲਤਾ ਨਾਲ ਬਿਜਲੀ ਨਾਲ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾਵੇਗਾ। ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪੂਰੀ ਤਰ੍ਹਾਂ ਆਤਮ ਨਿਰਭਰ ਵਾਹਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਉਣ ਵਿੱਚ ਸਹਾਇਤਾ ਕਰੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਬਿਲਾਂ ਦਾ ਭੁਗਤਾਨ ਕਰਨ ਜਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀ.ਐਸ.ਪੀ.ਸੀ.ਐਲ. ਦੇ ਸਰਾਭਾ ਨਗਰ ਦਫ਼ਤਰ ਵਿਖੇ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਨਵਾਂ ਸਬ ਡਵੀਜ਼ਨਲ ਦਫ਼ਤਰ ਹੰਬੜਾਂ ਰੋਡ ‘ਤੇ ਆ ਜਾਵੇਗਾ, ਤਾਂ ਇਸ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ।

ਇਸ ਮੌਕੇ, ਭਾਰਤ ਭੂਸ਼ਣ ਆਸ਼ੂ ਨੇ ਪੀ.ਐਸ.ਪੀ.ਸੀ.ਐਲ. ਕਿਫਾਇਤੀ ਐਲ.ਈ.ਡੀ. ਬਲਬ ਯੋਜਨਾ 2021 ਅਧੀਨ ਆਮ ਖਪਤਕਾਰਾਂ ਨੂੰ ਐਲ.ਈ.ਡੀ. ਬੱਲਬ ਵੀ ਵੰਡੇ ਅਤੇ 5 ਸਟਾਰ ਰੇਟਿੰਗਾਂ ਵਾਲੇ ਉਪਕਰਣਾਂ ਦੀ ਵਰਤੋਂ, ਐਲ.ਈ.ਡੀ. ਬਲਬਾਂ ਦੀ ਵਰਤੋਂ ਆਦਿ ਵੱਖ-ਵੱਖ ਤਰੀਕਿਆਂ ਨੂੰ ਅਪਣਾ ਕੇ ਊਰਜ਼ਾ ਬਚਾਅ ਦੇ ਫਾਇਦਿਆਂ ਬਾਰੇ ਵੀ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਕਿਫਾਯਤੀ ਐਲ.ਈ.ਡੀ. ਬਲਬ ਯੋਜਨਾ 2021 ਦੇ ਤਹਿਤ, ਕੋਈ ਵੀ ਵਿਅਕਤੀ ਸਿਰਫ 30 ਰੁਪਏ ਦੇ ਕੇ 70 ਰੁਪਏ ਦਾ ਐਲਈਡੀ ਬਲਬ ਖਰੀਦ ਸਕਦਾ ਹੈ, ਜਦੋਂ ਕਿ ਗਰੀਬੀ ਰੇਖਾ ਤੋਂ ਹੇਠਾਂ ਜਾਂ ਅਨੁਸੂਚਿਤ ਜਾਤੀ ਜਾਂ ਪੱਛੜੇ ਵਰਗ ਦੇ ਲੋਕਾਂ ਨੂੰ ਉਕਤ ਬਲਬ 15 ਰੁਪਏ ਵਿੱਚ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਆਪਣਾ ਆਧਾਰ ਕਾਰਡ ਦਿਖਾ ਕੇ ਬਲਬ ਪ੍ਰਾਪਤ ਕਰ ਸਕਦੇ ਹਨ ਅਤੇ ਹਰੇਕ ਖਪਤਕਾਰ ਲਈ ਦੋ ਬਲਬ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਿਸ਼ੇਸ਼ ਕੈਂਪ ਲੁਧਿਆਣਾ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਏ ਜਾਣਗੇ, ਤਾਂ ਜੋ ਹਰ ਕੋਈ ਊਰਜ਼ਾ ਦੀ ਸੰਭਾਲ ਵਿੱਚ ਯੋਗਦਾਨ ਪਾ ਸਕੇ।

ਅੱਗੇ, ਭੁਪਿੰਦਰ ਖੋਸਲਾ, ਮੁੱਖ ਇੰਜੀਨੀਅਰ ਸੈਂਟਰ ਅਤੇ ਸੰਜੀਵ ਪ੍ਰਭਾਕਰ, ਡਿਪਟੀ ਚੀਫ਼ ਇੰਜੀਨੀਅਰ ਵੈਸਟ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦਾ ਨੋਡਲ ਸੈਂਟਰ ਦਾ ਉਦਘਾਟਨ ਕਰਨ ਅਤੇ ਸਬ-ਡਵੀਜ਼ਨ ਦਫ਼ਤਰ ਦੀ ਉਸਾਰੀ ਲਈ ਜ਼ਮੀਨ ਅਲਾਟ ਕਰਨ ਲਈ ਧੰਨਵਾਦ ਕੀਤਾ।

ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਡਾ. ਜੈ ਪ੍ਰਕਾਸ਼, ਸੰਨੀ ਭੱਲਾ, ਰੌਕੀ ਭਾਟੀਆ, ਮਹਾਰਾਜ ਸਿੰਘ ਰਾਜੀ, ਬਲਜਿੰਦਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਸਾਬੀ ਤੂਰ, ਹੇਮਰਾਜ ਅਗਰਵਾਲ, ਪ੍ਰਵੀਨ ਗਰੋਵਰ, ਵਿਪਨ ਵਿਨਾਇਕ, ਰੋਹਿਤ ਸਿੱਕਾ, ਐਸ.ਡੀ.ਓ ਨਗਰ ਨਿਗਮ ਸੰਜੀਵ ਸ਼ਰਮਾ, ਐਕਸੀਅਨ ਪੀ.ਐਸ.ਪੀ.ਸੀ.ਐਲ. ਪਰਮਿੰਦਰ ਸਿੰਘ, ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਰਵਿੰਦਰ ਪਾਲ ਸਿੰਘ ਅਤੇ ਐਸ.ਡੀ.ਓ ਪੀ.ਐਸ.ਪੀ.ਸੀ.ਐਲ. ਤਿਰਲੋਚਨ ਸਿੰਘ ਤੋਂ ਇਲਾਵਾ ਹੋਰ ਵੀ ਕਈ ਲੋਕ ਮੌਜੂਦ ਸਨ।