ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਯਤਨ ਹੋਰ ਤੇਜ ਕੀਤੇ ਜਾਣਗੇ- ਡਿਪਟੀ ਕਮਿਸ਼ਨਰ

0
33

ਐਸ.ਐਸ.ਪੀ. ਕਪੂਰਥਲਾ ਵਲੋਂ ਨਸ਼ਾ ਤਸਕਰਾਂ ਵਿਰੁੱਧ ਸਖਤੀ ਨਾਲ ਨਜਿੱਠਣ ਦੇ ਹੁਕਮ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਆਨਲਾਇਨ ਸਮਾਗਮ ਵਿਚ ਕੀਤੀ ਸ਼ਮੂਲੀਅਤ

ਕਪੂਰਥਲਾ (TLT) ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ੇ ਕੋਹੜ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਯਤਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ ਤਾਂ ਜੋ ਨਸ਼ੇ ਤੋਂ ਪੀੜ੍ਹਤ ਲੋਕ ਵੀ ਆਮ ਵਾਂਗ ਸਨਮਾਨਜਨਕ ਤਰੀਕੇ ਨਾਲ ਜਿੰਦਗੀ ਬਤੀਤ ਕਰ ਸਕਣ।

ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਆਨਲਾਇਨ ਸਮਾਗਮ, ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਉੱਚ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਗਈ, ਵਿਚ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੋਂ ਵਰਚੁਅਲ ਤਰੀਕੇ ਨਾਲ ਡਿਪਟੀ ਕਮਿਸ਼ਨਰ ਸਮੇਤ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਜੋਗਿੰਦਰ ਸਿੰਘ ਮਾਨ, ਐਸ.ਐਸ.ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ, ਮੇਅਰ ਕਪੂਰਥਲਾ ਕੁਲਵੰਤ ਕੌਰ ਵਲੋਂ ਵੀ ਸ਼ਿਰਕਤ ਕੀਤੀ ਗਈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਲਿਸ ਨਾਲ ਮਿਲਕੇ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਲਈ ਇੰਨਫੋਰਸਮੈਂਟ, ਡੀ-ਅਡਿਕਸ਼ਨ, ਰੀਹੈਬਲੀਟੇਸ਼ਨ ਤੇ ਇੰਪਲਾਈਮੈਂਟ ਦੇ ਆਧਾਰ ’ਤੇ ਨੀਤੀ ਬਣਾਈ ਗਈ ਹੈ, ਜਿਸ ਤਹਿਤ ਹਰ ਮਹੀਨੇ 15 ਤੋਂ 20 ਅਜਿਹੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ, ਜੋ ਕਿ ਨਸ਼ੇ ਵਿਰੁੱਧ ਲੜਾਈ ਨੂੰ ਜਿੱਤਕੇ ਆਏ ਹਨ।
ਉਨ੍ਹਾਂ ਕਿਹਾ ਕਿ ਕਪੂਰਥਲਾ ਜਿਲ੍ਹੇ ਵਿਚ ਚੱਲ ਰਹੇ 10 ਓਟ ਕਲੀਨਿਕਾਂ ਰਾਹੀਂ ਲਗਭਗ 5700 ਲੋਕ ਆਪਣਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਨੂੰ ਨਸ਼ਾ ਛੱਡਣ ਪਿੱਛੋਂ ਰੁਜ਼ਗਾਰ ਦੇਣ ਵਿਚ ਮਦਦ ਕੀਤੀ ਜਾ ਰਹੀ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਵਿਖੇ ਨਸ਼ੇ ਦੀ ਗਿ੍ਰਫਤ ਵਿਚ ਆਈਆਂ ਲੜਕੀਆਂ ਦੇ ਮੁੜ ਵਸੇਬੇ ਲਈ ਕੀਤੇ ਯਤਨ ਕਾਮਯਾਬ ਹੋ ਰਹੇ ਹਨ ਅਤੇ ਹੁਣ ਤੱਕ 18 ਅਜਿਹੀਆਂ ਲੜਕੀਆਂ ਨੂੰ ਵੀ ਨੌਕਰੀ ਦਿਵਾਈ ਗਈ ਹੈ, ਜਿਨ੍ਹਾਂ ਨਸ਼ੇ ਦੀ ਅਲਾਮਤ ਤੋਂ ਛੁਟਕਾਰਾ ਪਾ ਲਿਆ। 

ਇਸ ਮੌਕੇ ਐਸ. ਐਸ.ਪੀ. ਕਪੂਰਥਲਾ ਖੱਖ ਨੇ ਕਿਹਾ ਕਿ ਪੁਲਿਸ ਵਲੋਂ ‘ਬੱਡੀ’ ਤੇ ‘ਡੈਪੋ ’ ਪ੍ਰੋਗਰਾਮਾਂ ਰਾਹੀਂ ਵੱਧ ਤੋਂ ਵੱਧ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਸ਼ੇ ਦੀ ਸਪਲਾਈ ਦਾ ਲੱਕ ਤੋੜਨ ਵਿਚ ਵੱਡੀ ਸਫਲਤਾ ਮਿਲੀ ਹੈ । 

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਿਲ੍ਹਾ ਪੁਲਿਸ ਵਲੋਂ ਨਸ਼ੇ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਖੇਤਰਾਂ ਅੰਦਰ ਛਾਪੇਮਾਰੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਇਲਾਵਾ ਨਸ਼ਾ ਵਿਰੋਧੀ ਕਾਊਂਸਲਿੰਗ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਦਾ ਕਾਰੋਬਾਰ ਕਰਨ ਵਾਲਿਆਂ ਨਾਲ ਸਖਤ ਤਰੀਕੇ ਨਾਲ ਨਿਪਟਿਆ ਜਾਵੇਗਾ। 

ਇਸ ਮੌਕੇ ਸਕੂਲੀ ਸਿੱਖਿਆ ਵਿਭਾਗ ਵਲੋਂ ਹਫਤਾ ਭਰ ਲਈ ਚੱਲਣ ਵਾਲੀ ਇਕ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। 

ਇਸ ਮੌਕੇ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ , ਐਸ ਪੀ ਜਸਬੀਰ ਸਿੰਘ, ਕਾਂਗਰਸੀ ਆਗੂ ਗੁਰਦੀਪ ਸਿੰਘ ਬਿਸ਼ਨਪੁਰ, ਡਾ . ਸੰਦੀਪ ਭੋਲਾ, ਹਰਜੀਤ ਸਿੰਘ ਹਾਜ਼ਰ ਸਨ।