ਡੈਲਟਾ ਪਲੱਸ ਵੇਰੀਐਂਟ ਨਾਲ ਆ ਸਕਦੀ ਹੈ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ, ਕੇਂਦਰ ਨੇ ਤਿੰਨ ਸੂਬਿਆਂ ਨੂੰ ਕੀਤਾ ਅਲਰਟ

0
85

ਨਵੀਂ ਦਿੱਲੀ/ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਫਿਲਹਾਲ ਇਸ ਵੇਰੀਐਂਟ ਦੇ ਮਾਮਲੇ ਸਿਰਫ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ’ਚ ਮਿਲੇ ਹਨ ਪਰ ਸਪਾਈਕ ਪ੍ਰੋਟੀਨ ’ਚ ਮਿਊਟੇਸ਼ਨ ਕਾਰਨ ਇਸ ਦੇ ਖ਼ਤਰਨਾਕ ਰੂਪ ਧਾਰਨ ਕਰਨ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਵੇਰੀਐਂਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਤਿੰਨਾਂ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।  ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪ੍ਰੈੱਸ ਕਾਨਫਰੰਸ ’ਚ ਡੈਲਟਾ ਪਲੱਸ ਨੂੰ ਵੇਰੀਐਂਟ ਆਫ ਇੰਟਰੈਸਟ ਦੱਸਦੇ ਹੋਏ ਕਿਹਾ ਕਿ ਸਰਕਾਰ ਇਸ ’ਤੇ ਨਜ਼ਰ ਰੱਖ ਰਹੀ ਹੈ ਤੇ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪਰ ਦੇਰ ਸ਼ਾਮ ਸਿਹਤ ਮੰਤਰਾਲੇ ਦੀ ਬੁਲਾਰਨ ਮਨੀਸ਼ਾ ਵਰਮਾ ਨੇ ਸਾਫ਼ ਕੀਤਾ ਕਿ ਡੈਲਟਾ ਪਲੱਸ ਵੇਰੀਐਂਟ ਆਫ ਕੰਸਰਨ ਭਾਵ ਚਿੰਤਾਜਨਕ ਵੇਰੀਐਂਟ ਬਣ ਗਿਆ ਹੈ ਜਿਸ ਨਾਲ ਤੇਜ਼ੀ ਨਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਸਰੀ ਲਹਿਰ ਲਈ ਮੁੱਖ ਤੌਰ ’ਤੇ ਡੈਲਟਾ ਵੇਰੀਐਂਟ ਹੀ ਜ਼ਿੰਮੇਵਾਰ ਹੈ। ਡੈਲਟਾ ਵੇਰੀਐਂਟ ’ਚ ਮਿਊਟੇਸ਼ਨ ਤੋਂ ਬਾਅਦ ਡੈਲਟਾ ਪਲੱਸ ਵੇਰੀਐਂਟ ਬਣਿਆ ਹੈ।ਭੂਸ਼ਣ ਮੁਤਾਬਕ ਡੈਲਟਾ ਵੇਰੀਐਂਟ ਇਸ ਸਮੇਂ ਭਾਰਤ ਸਮੇਤ ਦੁਨੀਆ ਦੇ 80 ਦੇਸ਼ਾਂ ’ਚ ਫੈਲਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵੇਰੀਐਂਟ ਆਫ ਕੰਸਰਨ ਦੀ ਸ਼੍ਰੇਣੀ ’ਚ ਰੱਖਿਆ ਹੈ। ਡੈਲਟਾ ਪਲੱਸ ਵੇਰੀਐਂਟ ਭਾਰਤ ਸਮੇਤ ਨੌਂ ਦੇਸ਼ਾਂ-ਅਮਰੀਕਾ, ਬਰਤਾਨੀਆ, ਸਵਿਟਜ਼ਰਲੈਂਡ, ਪੁਰਤਗਾਲ, ਜਾਪਾਨ, ਪੋਲੈਂਡ, ਨੇਪਾਲ, ਚੀਨ ਅਤੇ ਰੂਸ ’ਚ ਮਿਲਿਆ ਹੈ। ਇਨ੍ਹਾਂ ’ਚੋਂ ਭਾਰਤ ’ਚ ਇਸ ਦੇ 22 ਮਾਮਲੇ ਮਿਲੇ ਹਨ।ਭੂਸ਼ਣ ਮੁਤਾਬਕ ਡੈਲਟਾ ਪਲੱਸ ਦੇ ਜ਼ਿਆਦਾ ਖ਼ਤਰਨਾਕ ਹੋਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਸਿਹਤ ਮੰਤਰਾਲੇ ਨੇ ਤਿੰਨ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਇਸ ਦੀ ਪਛਾਣ ਕਰਨ ਲਈ ਢੁੱਕਵੇਂ ਕਦਮ ਚੁੱਕਣ ਲਈ ਕਿਹਾ ਹੈ। ਜੇ ਕਿਸੇ ਇਲਾਕੇ ’ਚ ਡੈਲਟਾ ਪਲੱਸ ਵੇਰੀਐਂਟ ਦੇ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ ਤਾਂ ਉੱਥੇ ਸਥਾਨਕ ਪੱਧਰ ’ਤੇ ਇਸ ਨੂੰ ਰੋਕਣ ਲਈ ਸਖ਼ਤੀ ਨਾਲ ਕੰਟੇਨਮੈਂਟ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ