ਬੇਰੀ ਵੱਲੋਂ ਲੋਕਾਂ ਨੂੰ ਕੋਵਿਡ-19 ਨਾਲ ਲੜਨ ਲਈ ਯੋਗਾ ਨੂੰ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ

0
54

ਯਰਾਨਾ ਕਲੱਬ ਵੱਲੋਂ ਮਾਸਟਰ ਤਾਰਾ ਸਿੰਘ ਨਗਰ ਵਿੱਚ ਲਗਾਏ ਯੋਗਾ ਕੈਂਪ ’ਚ ਕੀਤੀ ਸ਼ਿਰਕਤ
ਜਲੰਧਰ (ਰਮੇਸ਼ ਗਾਬਾ)

ਵਿਧਾਇਕ ਰਾਜਿੰਦਰ ਬੇਰੀ ਨੇ ਅੱਜ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਯੋਗਾ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ।
ਵਿਧਾਇਕ ਨੇ ਮਾਸਟਰ ਤਾਰਾ ਸਿੰਘ ਨਗਰ ਵਿਖੇ ਯਰਾਨਾ ਕਲੱਬ ਵੱਲੋਂ ਲਗਾਏ ਗਏ ਯੋਗਾ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸਬਕ ਸਿਖਾਏ ਹਨ ਅਤੇ ਸਭ ਤੋਂ ਅਹਿਮ ਹੈ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ। ਉਨ੍ਹਾਂ ਕਿਹਾ ਕਿ ਯੋਗ ਇਕ ਵਿਅਕਤੀ ਨੂੰ ਖ਼ਰਾਬ ਜੀਵਨ ਸ਼ੈਲੀ ਕਾਰਨ ਹੋਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਾਅ ਕੇ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਬੇਰੀ ਨੇ ਕਿਹਾ ਕਿ ਸਿਹਤਮੰਦ ਸਰੀਰ ਅਤੇ ਤੰਦਰੁਸਤ ਦਿਮਾਗ ਲਈ ਯੋਗ ਅਭਿਆਸ ਬਹੁਤ ਜ਼ਰੂਰੀ ਹੈ।
ਵਿਧਾਇਕ ਨੇ ਕਿਹਾ ਕਿ ਯੋਗਾ ਸਦੀਆਂ ਤੋਂ ਭਾਰਤ ਵਿੱਚ ਸਿਹਤਮੰਦ ਅਤੇ ਪ੍ਰਗਤੀਸ਼ੀਲ ਜ਼ਿੰਦਗੀ ਦਾ ਆਧਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਜਦੋਂ ਤਣਾਅ ਪੂਰਨ ਜੀਵਨਸ਼ੈਲੀ ਮਨੁੱਖੀ ਜ਼ਿੰਦਗੀ ਲਈ ਵੱਡਾ ਜੋਖਮ ਬਣੀ ਹੋਈ ਹੈ, ਤਾਂ ਅਜਿਹੇ ਸਮੇਂ ਵਿੱਚ ਯੋਗਾ ਸੂਬੇ ਨੂੰ ਰੋਗ ਮੁਕਤ ਅਤੇ ਸਿਹਤਮੰਦ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ। ਬੇਰੀ ਨੇ ਲੋਕਾਂ ਨੂੰ ਰੋਜ਼ਾਨਾ ਘੱਟੋ-ਘੱਟ ਇਕ ਘੰਟਾ ਯੋਗਾ ਅਭਿਆਸ ਕਰਨ ਦਾ ਸੱਦਾ ਦਿੱਤਾ ਤਾਂ ਜੋ ਉਹ ਸਿਹਤਮੰਦ ਜ਼ਿੰਦਗੀ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਵਿਧਾਇਕ ਨੇ ਅੱਗੇ ਜ਼ੋਰ ਦਿੰਦਿਆਂ ਕਿਹਾ ਕਿ ਯੋਗਾ ਅਭਿਆਸ ਸਰੀਰਿਕ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਯੋਗਾ ਕੈਂਪ ਲਗਾ ਕੇ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਪ੍ਰਤੀ ਜਾਗਰੂਕ ਕਰਨ ਲਈ ਐਨ.ਜੀ.ਓ. ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਸਗੋਂ ਹਰ ਰੋਜ਼ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਤਣਾਅ ਮੁਕਤ ਕਰਨ ਲਈ ਅਜਿਹੇ ਕੈਂਪ ਲਗਾਉਣਾ ਸਮੇਂ ਦੀ ਲੋੜ ਹੈ।
ਕੈਂਪ ਦੌਰਾਨ ਨਰੇਸ਼ ਵਿੱਜ, ਸਤਵਿੰਦਰ ਮਿਗਲਾਨੀ, ਅਮਰਜੀਤ ਮਿਗਲਾਨੀ, ਸਰੋਜ ਜਿੰਦਲ, ਪਰਮਜੀਤ, ਯੋਗਾ ਅਚਾਰੀਆ ਵਰਿੰਦਰ ਸ਼ਰਮਾ ਅਤੇ ਧੀਰ ਨੇ ਲੋਕਾਂ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕਰਨ ਦੀ ਸਿਖਲਾਈ ਦਿੱਤੀ।
ਇਸ ਤੋਂ ਪਹਿਲਾਂ ਵਿਧਾਇਕ ਰਾਜਿੰਦਰ ਬੇਰੀ ਦਾ ਸਵਾਗਤ ਕਰਦਿਆਂ ਐਨ.ਜੀ.ਓ. ਦੇ ਪ੍ਰਧਾਨ ਸੰਦੀਪ ਜਿੰਦਲ, ਵਰੁਣ ਗੁਪਤਾ, ਮੁਨੀਸ਼ ਜਿੰਦਲ, ਸੁਖਜਿੰਦਰ ਸਿੰਘ, ਸੌਰਭ ਕੁਮਾਰ, ਅਮਨ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਐਨ.ਜੀ.ਓ ਵਲੋਂ ਲੋਕਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ।
ਇਸ ਮੌਕੇ ਵਿਨੋਦ ਸਲਵਾਨ, ਸੰਜੇ ਜੈਨ, ਅਜੈ ਅਗਰਵਾਲ, ਰਾਜ ਕੁਮਾਰ ਜਿੰਦਲ, ਗਰਗ, ਇੰਦਰ ਕੁਮਾਰ, ਰਾਕੇਸ਼ ਕੁਮਾਰ, ਰਾਕੇਸ਼ ਗੁਪਤਾ, ਕਮਲਦੀਪ ਅਗਰਵਾਲ, ਕਮਲਜੀਤ ਸਿੰਘ, ਮਨੋਜ ਅਗਰਵਾਲ, ਰਜਿੰਦਰ ਪੱਪੀ, ਧਰੁਵ ਮਿੱਤਲ, ਕ੍ਰਿਸ਼ਨ ਕਾਂਤ, ਹਾਂਡਾ, ਬੁੱਧੀਰਾਜਾ, ਸੇਠ, ਗਾਂਧੀ, ਤਾਜਿੰਦਰ ਭਗਤ, ਪਾਠਕ, ਮਿਸ.ਵਨੀਤਾ, ਸ਼ੈਲੀ, ਸਮੀਰ, ਅੰਜੂ, ਨੰਦਿਨੀ, ਰਾਸ਼ੀ ਅਤੇ ਵਰਿੰਦਾ ਵੀ ਹਾਜ਼ਰ ਸਨ।