ਡਿਪਟੀ ਕਮਿਸ਼ਨਰ ਵਲੋਂ ‘ਟਾਰਗੈਟ ਗਰੁੱਪ ’ ਦੀ ਵੈਕਸੀਨੇਸ਼ਨ ਵਿਚ ਤੇਜੀ ਲਿਆਉਣ ਦੇ ਹੁਕਮ

0
25

ਕਪੂਰਥਲਾ (TLT)
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੰਜਾਬ ਸਰਕਾਰ ਵਲੋਂ ਐਲਾਨੇ ਗਏ ‘ਟਾਰਗੈਟ ਗਰੁੱਪ’ ਦੀ ਵੈਕਸੀਨੇਸ਼ਨ ਵਿਚ ਤੇਜੀ ਲਿਆਉਣ ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਤੇਜ ਕੀਤਾ ਜਾ ਸਕੇ।

ਅੱਜ ਇੱਥੇ ਕੋਵਿਡ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਦੁਕਾਨਦਾਰਾਂ, ਰੇਹੜੀ ਵਾਲਿਆਂ, ਉਸਾਰੀ ਕਾਮਿਆਂ, ਜਿੰਮ ਮਾਲਕਾਂ, ਚੁਣੇ ਹੋਏ ਨੁਮਾਇੰਦਿਆਂ, ਡਰਾਈਵਰਾਂ ਦੀ ਵੈਕਸੀਨੇੇਸ਼ਨ ਲਈ ਇਨਾਂ ਨੂੰ ਟਾਰਗੈਟ ਗਰੁੱਪ ਐਲਾਨਿਆ ਗਿਆ ਹੈ।

ਉਨਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਨਿੱਜੀ ਤੌਰ ’ਤੇ ਦੁਕਾਨਦਾਰਾਂ ਐਸੋਸੀਏਸ਼ਨਾਂ, ਵਪਾਰ ਮੰਡਲਾਂ ਆਦਿ ਨਾਲ ਮੀਟਿੰਗ ਕਰਕੇ ਵੈਕਸੀਨੇਸ਼ਨ ਲਈ ਬਾਜ਼ਾਰਾਂ ਆਦਿ ਵਿਚ ਕੈਂਪ ਲਗਾਏ ਜਾਣ।

ਇਸ ਤੋਂ ਇਲਾਵਾ ਉਨਾਂ ਰੋਜ਼ਾਨਾ ਦੀ ਵੈਕਸੀਨੇਸ਼ਨ ਵੀ 5000 ਤੋਂ ਉੱਪਰ ਕਰਨ ਲਈ ਸਿਹਤ ਵਿਭਾਗ ਨੂੰ ਹੋਰ ਤੇਜੀ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵੈਕਸੀਨ ਪਹੁੰਚਾਈ ਗਈ ਹੈ, ਜਿਸ ਕਰਕੇ ਜਿਨਾਂ ਲੋਕਾਂ ਦੀ ਕੋਵੈਕਸੀਨ ਦੀ ਦੂਜੀ ਡੋਜ਼ ਰਹਿੰਦੀ ਹੈ ਅਤੇ ਉਹਨਾਂ ਦੀ ਦੂਜੀ ਡੋਜ਼ ਦਾ ਸਮਾਂ ਹੋ ਗਿਆ ਹੈ ਉਹ ਤੁਰੰਤ ਨੇੜਲੇ ਕੇਂਦਰ ਵਿਖੇ ਕੋਵੈਕਸੀਨ ਦੀ ਦੂਜੀ ਡੋਜ਼ ਲਗਵਾਉਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਮੂਹ ਐਸ.ਡੀ.ਐਮਜ਼ ਤੇ ਸਮੂਹ ਐਸ.ਐਮ. ਓਜ਼ ਹਾਜ਼ਰ ਸਨ।