25 ਜੂਨ ਤੋਂ ਬਿਜਲੀ ਸ਼ਿਕਾਇਤਾਂ ਬਾਰੇ ਹੋਰ ਸੰਕਟ ਝੱਲਣਗੇ ਖਪਤਕਾਰ

0
214

ਜਲੰਧਰ (ਹਰਪ੍ਰੀਤ ਕਾਹਲੋਂ)- ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦਾ ਪਾਵਰਕਾਮ ਮੈਨੇਜਮੈਂਟ ਨਾਲ ਮੰਗਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਅਜੇ ਤੱਕ ਨਹੀਂ ਸੁਲਝਿਆ ਹੈ ਤੇ 25 ਜੂਨ ਨੂੰ ਰਾਜ ਵਿਚ ਬਿਜਲੀ ਸ਼ਿਕਾਇਤਾਂ ਸਮੇਂ ਸਿਰ ਠੀਕ ਨਾ ਹੋਣ ਕਰਕੇ ਬਿਜਲੀ ਸੰਕਟ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ | ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ 7 ਜੂਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਮੋਬਾਈਲ ਫ਼ੋਨ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਮੀਂਹ-ਹਨੇਰੀ ਵਿਚ ਬਿਜਲੀ ਬੰਦ ਹੋਣ ‘ਤੇ ਸ਼ਿਕਾਇਤਾਂ ਸਮੇਂ ਸਿਰ ਠੀਕ ਨਾ ਹੋਣ ਕਰਕੇ ਰਾਜ ਦੇ ਲੱਖਾਂ ਖਪਤਕਾਰਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਸੋਸੀਏਸ਼ਨ ਵਲੋਂ ਵੇਜ ਫਾਰਮੂਲੇਸ਼ਨ ਕਮੇਟੀ ਦੀ ਸਿਫਾਰਸ਼ ਲਾਗੂ ਕਰਨ ਤੋਂ ਇਲਾਵਾ ਤਨਖ਼ਾਹ ਸਕੇਲ ਅਤੇ ਨਵੀਂ ਭਰਤੀ ਕਰਨ ਦੀ ਮੰਗ ਕੀਤੀ ਗਈ ਹੈ | ਪਾਵਰਕਾਮ ਮੈਨੇਜਮੈਂਟ ਨਾਲ ਚਾਹੇ ਜਥੇਬੰਦੀ ਦੀ ਮੀਟਿੰਗ ਹੋ ਚੁੱਕੀ ਹੈ ਤੇ ਮੈਨੇਜਮੈਂਟ ਨੇ ਇੰਜੀਨੀਅਰ ਐਸੋਸੀਏਸ਼ਨ ਨੂੰ ਮੰਗਾਂ ਮੰਨੇ ਜਾਣ ਦਾ ਲਿਖਤੀ ਭਰੋਸਾ ਦੇਣ ਦਾ ਵਾਅਦਾ ਕੀਤਾ ਹੈ ਪਰ ਅਜੇ ਤੱਕ ਦੋਵਾਂ ਧਿਰਾਂ ਵਿਚਕਾਰ ਰੇੜਕਾ ਖ਼ਤਮ ਨਹੀਂ ਹੋ ਸਕਿਆ | ਮੈਨੇਜਮੈਂਟ ਨੇ ਸੰਘਰਸ਼ ਕਰਦੀਆਂ ਹੋਰ ਵੀ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਜਦਕਿ ਇਸ ਦੌਰਾਨ ਹੋਰ ਜਥੇਬੰਦੀ ਵਲੋਂ ਵੀ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਕਰਕੇ ਬਿਜਲੀ ਸਿਸਟਮ ਦੇ ਹੋਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜ਼ਾਹਿਰ ਤਾਂ ਕੀਤਾ ਜਾ ਰਿਹਾ ਹੈ ਪਰ ਜ਼ਿਆਦਾ ਖ਼ਰਾਬ ਸਥਿਤੀ 25 ਜੂਨ ਤੋਂ ਆਉਣ ਵਾਲੀ ਹੈ ਜਦੋਂ ਕਿ ਪਾਵਰਕਾਮ ਦੇ 2000 ਇੰਜੀਨੀਅਰ ਆਪਣੇ ਸਰਕਾਰੀ ਮੋਬਾਈਲਾਂ ਦੇ ਸਿੰਮ ਮੈਨੇਜਮੈਂਟ ਨੂੰ ਵਾਪਸ ਕਰਨਗੇ | 2 ਜੁਲਾਈ ਨੂੰ ਜਥੇਬੰਦੀ ਵਲੋਂ ਸਮੂਹਿਕ ਤੌਰ ‘ਤੇ ਛੁੱਟੀ ‘ਤੇ ਰਹਿਣ ਦਾ ਫ਼ੈਸਲਾ ਕੀਤਾ ਗਿਆ ਹੈ | ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਸਮੇਤ ਹੋਰ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ ਦਾ ਮਾਮਲਾ ਝੋਨੇ ਦੇ ਸੀਜ਼ਨ ਦੌਰਾਨ ਉੱਠਿਆ ਹੈ, ਜਿਸ ਕਰਕੇ ਇਸ ਨਾਲ ਦਿਹਾਤੀ ਖੇਤਰ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹਿਣ ਦਾ ਖ਼ਦਸ਼ਾ ਹੈ |