ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲਗਾਏ ਜਾਣਗੇ ਪੀ.ਐਸ.ਏ. ਆਧਾਰਿਤ ਆਕਸੀਜਨ ਪਲਾਂਟ

0
23

ਡਿਪਟੀ ਕਮਿਸ਼ਨਰ ਵੱਲੋਂ ਓ-2 ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਦੇ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ

ਕਿਹਾ, ਪ੍ਰਾਈਵੇਟ ਹਸਪਤਾਲਾਂ ਦੇ ਲੈਵਲ-2 ਅਤੇ ਲੈਵਲ-3 ਬੈਡ ਆਕਸੀਜਨ ਪਲਾਂਟ ਦੀ ਸਥਾਪਨਾ ਮੁਤਾਬਕ ਸਮਾਯੋਜਿਤ ਕੀਤੇ ਜਾਣਗੇ

ਜਲੰਧਰ (ਰਮੇਸ਼ ਗਾਬਾ) ਆਕਸੀਜਨ ਉਤਪਾਦਨ ਵਿਚ ਸਵੈ-ਨਿਰਭਰ ਬਣਨ ਦੇ ਟੀਚੇ ਵੱਲ ਵਧਦੇ ਹੋਏ ਜ਼ਿਲ੍ਹਾ ਜਲੰਧਰ ਵਿੱਚ ਪ੍ਰਾਈਵੇਟ ਹਸਪਤਾਲਾਂ ਵਿਚ ਹੋਰ ਪੀ.ਐਸ.ਏ. ਆਧਾਰਤ ਓ 2 ਉਤਪਾਦਨ ਪਲਾਂਟ ਸਥਾਪਤ ਹੋਣ ਜਾ ਰਹੇ ਹਨ।

ਜ਼ਿਲ੍ਹੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਾਰਿਆਂ ਨੂੰ ਆਪਣੇ ਪਲਾਂਟ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੂਸਰੀ ਲਹਿਰ ਦੌਰਾਨ ਸਾਨੂੰ ਸਾਰਿਆਂ ਨੂੰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਅਤੇ ਅਜਿਹੀ ਸਥਿਤੀ ਨੂੰ ਭਵਿੱਖ ਵਿੱਚ ਆਕਸੀਜਨ-ਸੁਤੰਤਰ ਬਣ ਕੇ ਰੋਕਿਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਦੀ ਅਪੀਲ ਤੋਂ ਬਾਅਦ ਹੋਰ ਹਸਪਤਾਲਾਂ ਵੱਲੋਂ ਵੀ ਆਉਣ ਵਾਲੇ ਦਿਨਾਂ ਵਿੱਚ ਪੀ.ਐਸ.ਏ. ਆਧਾਰਤ ਆਕਸੀਜਨ ਪਲਾਂਟ ਲਗਾਉਣ ਲਈ ਸਹਿਮਤੀ ਜਤਾਈ ਗਈ ਤਾਂ ਜੋ ਆਕਸੀਜਨ ਸਪਲਾਈ ਲਈ ਦੂਜੇ ਰਾਜਾਂ ‘ਤੇ ਨਿਰਭਰਤਾ ਕਾਫ਼ੀ ਹੱਦ ਤੱਕ ਘੱਟ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ -2 ਅਤੇ ਲੈਵਲ-3 ਬੈੱਡਾਂ ਦੀ ਅਲਾਟਮੈਂਟ ਆਕਸੀਜਨ ਉਤਪਾਦਨ ਪਲਾਂਟ ਲੱਗਣ ਤੋਂ ਬਾਅਦ ਸਮਾਯੋਜਿਤ (ਐਡਜਸਟ) ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਵਿੱਚ ਇਹ ਪਹਿਲਾਂ ਹੀ ਸਥਾਪਤ ਹਨ, ਨੂੰ ਵਧੇਰੇ ਬੈੱਡਾਂ ਦੀ ਅਲਾਟਮੈਂਟ ਹੋਵੇਗੀ ਜਦਕਿ ਹੋਰਨਾਂ ਨੂੰ ਇਸ ਵੰਡ ਵਿਚ ਕਮੀ ਦਾ ਸਾਹਮਣਾ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਅਪੀਲ ਤੋਂ ਬਾਅਦ ਕਈ ਹਸਪਤਾਲਾਂ ਵੱਲੋਂ ਆਪਣੇ ਪਲਾਂਟ ਲਗਾਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਹੋਰ ਪਲਾਂਟ ਲਗਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਅੱਠ ਹਸਪਤਾਲਾਂ ਜਿਨ੍ਹਾਂ ਵਿੱਚ ਇਨੋਸੈਂਟ ਹਾਰਟਜ਼ ਹਸਪਤਾਲ, ਸਰਵੋਦਿਆ, ਜੌਹਲ, ਨਿਊਰੋਨੋਵਾ, ਮਾਨ ਮੈਡੀਸਿਟੀ, ਓਕਸਫੋਰਡ, ਕੇਅਰਮੈਕਸ ਅਤੇ ਘਈ ਹਸਪਤਾਲ ਸ਼ਾਮਲ ਸਨ, ਨੂੰ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰ ਕੇ ਵੱਖ-ਵੱਖ ਹਸਪਤਾਲਾਂ ਵੱਲੋਂ ਚੁੱਕੇ ਗਏ ਕਦਮਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ।