ਲਾਲਚ ਦੇ ਕੇ 10 ਸਾਲਾ ਬੱਚੀ ਨਾਲ ਜਬਰ ਜਨਾਹ, ਕੇਸ ਦਰਜ

0
62

ਬਟਾਲਾ (TLT) ਅੰਬ ਤੇ ਪੈਸੇ ਦੇਣ ਦਾ ਲਾਲਚ ਦੇ ਕੇ 10 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਵਿਰੁੱਧ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ 10 ਸਾਲਾ ਬੱਚੀ ਦੇ ਪਿਤਾ ਨੇ ਲਿਖਵਾਇਆ ਹੈ ਕਿ ਉਹ ਬੀਤੇ ਰੋਜ਼ ਬਾਹਰ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਉਸਦੀ ਪਤਨੀ ਉਸ ਕੋਲ ਆਈ ਅਤੇ ਕਹਿਣ ਲੱਗੀ ਕਿ ਉਨ੍ਹਾਂ ਦੀ 10 ਸਾਲਾ ਵੱਡੀ ਲੜਕੀ ਨੇ ਦੱਸਿਆ ਹੈ ਕਿ ਦੁਪਹਿਰ 2 ਵਜੇ ਉਸ ਨੂੰ ਸਤਨਾਮ ਸਿੰਘ ਉਰਫ ਬੱਗਾ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਦਲਪੁਰਾ ਵਰਗਲਾ ਕੇ ਅੰਬਾਂ ਤੇ ਪੈਸਿਆਂ ਦਾ ਲਾਲਚ ਦੇ ਕੇ ਆਪਣੀ ਮੋਟਰ ’ਤੇ ਲੈ ਗਿਆ, ਜਿਥੇ ਉਕਤ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ। ਬੱਚੀ ਦੇ ਪਿਤਾ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਹੈ ਕਿ ਇਸ ਤੋਂ ਬਾਅਦ ਉਹ ਆਪਣੇ ਘਰ ਆ ਗਏ ਤੇ ਪਿੰਡ ਦੀ ਔਰਤ ਨੂੰ ਸਾਰੀ ਗੱਲਬਾਤ ਦੱਸੀ ਜਿਸ ਨੇ ਆਪਣੇ ਮੋਬਾਈਲ ਤੋਂ ਹੈਲਪਲਾਈਨ ਨੰ.181 ’ਤੇ ਸਾਰੀ ਜਾਣਕਾਰੀ ਦਿੱਤੀ। ਉਕਤ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੇ ਵਿਚ ਡੀਐੱਸਪੀ ਪਰਵਿੰਦਰ ਕੌਰ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।