ਮੁੱਖ ਮੰਤਰੀ ਵੱਲੋਂ ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਦਰਮਿਆਨ ਕਾਰਗੁਜਾਰੀ ਗ੍ਰੇਡਿੰਗ ਰੈਕਿੰਗ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੂੰ ਵਧਾਈ

0
96

ਚੰਡੀਗੜ੍ਹ (TLT) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019-20 ਲਈ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) ਵਿੱਚ ਸਾਰੇ ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਉਤੇ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ ਹੈ। ਇਹ ਰੈਕਿੰਗ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਅਤੇ ਸਾਖ਼ਰਤਾ ਵੱਲੋਂ ਜਾਰੀ ਕੀਤੀ ਗਈ ਹੈ।

ਇਕ ਵਧਾਈ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਲੱਖਣ ਪ੍ਰਾਪਤੀ ਲਈ ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕਰਨ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸ਼ਲਾਘਾ ਕੀਤੀ ਹੈ ਜਿਸ ਨੇ ਹਰੇਕ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਕਿਹਾ, “ਇਹ ਸੱਚਮੁੱਚ ਹੀ ਸ਼ਲਾਘਾਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਸਰਵੇ ਵਿਚ ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ ਜਿਸ ਤੋਂ ਸਕੂਲ ਸਿੱਖਿਆ ਦੀ ਕਾਇਆ-ਕਲਪ ਲਈ ਤੈਅ ਪੈਮਾਨਿਆਂ ਨੂੰ ਹਾਸਲ ਕਰਨ ਵਿਚ ਪੰਜਾਬ ਦੇ ਸਕੂਲਾਂ ਦੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਗਟਾਵਾ ਹੁੰਦਾ ਹੈ।” ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਸੂਬੇ ਦੇ ਕੋਨੇ-ਕੋਨੇ ਵਿਚ ਮਿਆਰੀ ਸਕੂਲ ਸਿੱਖਿਆ ਮੁਹੱਈਆ ਕਰਵਾਉਣ ਲਈ ਸਾਰਿਆਂ ਵੱਲੋਂ ਹੋਰ ਵੀ ਉਤਸ਼ਾਹ ਅਤੇ ਸ਼ਿੱਦਤ ਨਾਲ ਕੰਮ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਮਰਪਿਤ ਭਾਵਨਾ ਅਤੇ ਯੋਗ ਰਹਿਨੁਮਾਈ ਅਤੇ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਹਿਮ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸ਼ਾਨਦਾਰ ਸਫ਼ਲਤਾ ਹਾਸਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਨ ਅਤੇ ਗੈਰ-ਅਧਿਆਪਨ ਮੁਲਾਜ਼ਮਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੇ ਦਿੜ ਸੰਕਲਪ ਦੇ ਨਾਲ ਸਕੂਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਦਿੱਖ ਦਿੱਤੀ ਗਈ ਜਿਸ ਦੇ ਯੋਗਦਾਨ ਸਦਕਾ ਵਿਭਾਗ ਨੇ ਇਸ ਅਨੂਠੀ ਪ੍ਰਾਪਤੀ ਹਾਸਲ ਕੀਤੀ।

ਮੁੱਖ ਮੰਤਰੀ ਨੇ ਇਸ ਸਫ਼ਲਤਾ ਨੂੰ ਬਹੁਤ ਹੀ ਤਸੱਲੀਬਖਸ਼ ਅਤੇ ਗੌਰਵਮਈ ਕਰਾਰ ਦਿੱਤਾ ਹੈ ਕਿਉਂ ਜੋ ਪੰਜਾਬ ਨੇ ਸਾਲ 2018-19 ਵਿਚ ਗ੍ਰੇਡ-2 ਤੋਂ ਆਪਣੇ ਰੇਕਿੰਗ ਵਿੱਚ ਵਰਨਣਯੋਗ ਸੁਧਾਰ ਕੀਤਾ ਜਿਸ ਸਦਕਾ ਸੂਬੇ ਨੇ ਨਾ ਸਿਰਫ ਸਾਲ 2019-20 ਵਿਚ ਗ੍ਰੇਡ-1++ ਹਾਸਲ ਕੀਤਾ ਸਗੋਂ ਪੰਜ ਕਾਰਜ-ਖੇਤਰ ਵਿੱਚ 1000 ਅੰਕਾਂ ਵਿੱਚੋਂ 929 ਅੰਕਾਂ ਨਾਲ ਰੇਕਿੰਗ ਦੇ ਦਰਜੇ ਵਿਚ ਸਿਖਰਲੇ ਸਥਾਨ ਵਜੋਂ ਉਭਰਿਆ ਅਤੇ ਇਨ੍ਹਾਂ ਪੰਜ ਕਾਰਜ-ਖੇਤਰਾਂ ਵਿਚ ਸਿੱਖਣ ਦੇ ਨਤੀਜੇ, ਪਹੁੰਚ, ਬੁਨਿਆਦੀ ਢਾਂਚੇ ਦੀ ਸੁਵਿਧਾ, ਬਰਾਬਰੀ ਅਤੇ ਸਾਸ਼ਨ ਸ਼ਾਮਲ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 70 ਪੈਮਾਨਿਆਂ ਦੇ ਆਧਾਰ ਉਤੇ ਤੈਅ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2019-20 ਦੀ ਰੈਕਿੰਗ ਵਿੱਚ ਸਿਖਰਲੇ ਪੰਜ ਸਥਾਨ ਹਾਸਲ ਕਰਨ ਵਾਲਿਆਂ ਵਿਚ ਚਾਰ ਸੂਬੇ/ਕੇਂਦਰੀ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ, ਤਾਮਿਲਨਾਡੂ, ਕੇਰਲਾ, ਅੰਡੇਮਾਨ ਤੇ ਨਿਕੋਬਾਰ ਦੀਪ ਸ਼ਾਮਲ ਹਨ।

ਮੁੱਖ ਮੰਤਰੀ ਨੇ ਇਸ ਪੱਖ ਦਾ ਵੀ ਜਿਕਰ ਕੀਤਾ ਕਿ ਸਕੂਲ ਸਿੱਖਿਆ ਵਿਭਾਗ ਨੇ ਸਮਾਰਟ ਕਲਾਸ ਰੂਮ ਦੇ ਉਪਰਾਲੇ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਤਾਲੀਮ ਹਾਸਲ ਕਰਨ ਦੇ ਯੋਗ ਬਣਾਉਣ ਲਈ ਸਮਾਰਟ ਮੋਬਾਈਲ ਫੋਨ ਵੰਡਣ ਸਮੇਤ ਲੀਹੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹਿਣੀ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਆਲਮੀ ਪੱਧਰ ਉਤੇ ਸਿੱਖਿਆ ਦੇ ਬਦਲ ਰਹੇ ਦੌਰ ਦੇ ਅਨੁਕੂਲ ਗਤੀ ਬਣਾਈ ਰੱਖਣ ਦੇ ਉਦੇਸ਼ ਨਾਲ ਭਵਿੱਖੀ ਉਪਰਾਲਿਆਂ ਲਈ ਵਿਭਾਗ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਜਿਕਰਯੋਗ ਹੈ ਕਿ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ ਦੀ ਸ਼ੁਰੂਆਤ ਸਾਲ 2019 ਵਿਚ ਕੀਤੀ ਗਈ ਸੀ ਜਿਸ ਦਾ ਉਦੇਸ਼ ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਨੂੰ ਮਿਆਰੀ ਨਤੀਜੇ ਹਾਸਲ ਕਰਨ ਦੇ ਸੰਦਰਭ ਵਿਚ ਸਿੱਖਿਆ ਖੇਤਰ ਵਿਚ ਬਿਹਤਰੀਨ ਵਿਵਸਥਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਅੱਗੇ ਆਉਣ ਦਾ ਸੱਦਾ ਦੇਣਾ ਸੀ।

ਇਹ ਵੀ ਕਾਬਲੇਗੌਰ ਹੈ ਕਿ ਮੁਲਕ ਵਿਚ ਸਕੂਲ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੂਜੇ ਸੂਬਿਆਂ ਲਈ ਰਾਹ ਦਸੇਰਾ ਬਣ ਕੇ ਉੱਭਰਿਆ ਹੈ ਜਿਸ ਨੇ ਪ੍ਰੀ-ਪ੍ਰਾਇਮਰੀ ਸਿੱਖਿਆ, ਡਿਜੀਟਲ ਸਿੱਖਿਆ, ਨਵੀਨਤਮ ਅਧਿਆਪਨ ਕਾਰਜ-ਵਿਧੀ, ਅਧਿਆਪਕਾਂ ਦੀ ਭਰਤੀ ਅਤੇ ਤਬਾਦਲੇ ਲਈ ਪਾਰਦਰਸ਼ੀ ਨੀਤੀ ਨੂੰ ਲਾਗੂ ਕਰਨ ਦੀਆਂ ਨਿਵੇਕਲੀਆਂ ਪਹਿਲਕਦਮੀਆਂ ਨੂੰ ਅਮਲੀਜਾਮਾ ਪਹਿਨਾਇਆ।