ਵਣ ਵਿਭਾਗ ਵਲੋਂ ਮਾਨਸੂਨ ਸੀਜ਼ਨ ਦੌਰਾਨ ਇਕ ਲੱਖ ਬੂਟੇ ਲਾਉਣ ਦਾ ਟੀਚਾ

0
46

ਕਪੂਰਥਲਾ (TLT)
ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕਪੂਰਥਲਾ ਵਲੋਂ ਇਸ ਮਾਨਸੂਨ ਸੀਜ਼ਨ ਦੌਰਾਨ ਇਕ ਲੱਖ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਵਾਤਾਵਰਣ ਸੰਭਾਲ ਤੇ ਧਰਤੀ ਨੂੰ ਮਨੁੱਖ ਲਈ ਹੋਰ ਬਿਹਤਰੀਨ ਸਥਾਨ ਬਣਾਇਆ ਜਾ ਸਕੇ। 

ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਾਂਜਲੀ ਨੇੜੇ ਬੀੜ ਕਾਰਗਾਹ ਵਿਖੇ ਕਪੂਰਥਲਾ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ ਵੱਲੋਂ ਬੀੜ ਵਿੱਚ ਰਵਾਇਤੀ ਬੂਟੇ ਲਗਾਏ ਗਏ। 

ਇਸ ਮੌਕੇ ਦਵਿੰਦਰਪਾਲ ਸਿੰਘ ਰੇਂਜ ਅਫਸਰ ਕਪੂਰਥਲਾ ਵੱਲੋਂ ਦੱਸਿਆ ਗਿਆ ਕਿ ਕਪੂਰਥਲਾ ਵਿੱਚ ਲਗਭਗ ਇੱਕ ਲੱਖ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣਗੇ ਅਤੇ ਆਈ-ਹਰਿਆਲੀ ਸਕੀਮ ਅਧੀਨ ਵੱਧ ਤੋਂ ਵੱਧ ਪੌਦੇ ਆਮ ਜਨਤਾ ਨੂੰ ਮੁਫਤ ਸਪਲਾਈ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਅੰਤਰ ਰਾਸ਼ਟਰੀ ਵਾਤਾਵਰਨ ਦਿਵਸ ਹਰ ਸਾਲ ਵਿਸ਼ਵ ਵਿੱਚ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦੀ ਸੁਰੂਆਤ ਸਾਲ 1972 ਵਿੱਚ ਹੋਈ ਸੀ ਜਦ ਚਾਰ-ਚੁਫੇਰਿਓਂ ਹਵਾ ਅਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਸੀ।

ਕੁਦਰਤ ਨੂੰ ਬਚਾਉਣ ਲਈ ਇਹ ਦਿਵਸ ਲਗਭਗ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਕੁਦਰਤ ਦੇ ਨਾਲ ਜੁੜਨ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਸਾਲ ਵੀ ਜੰਗਲਾਂ ਨੂੰ ਬਚਾਉਣ ਲਈ ‘ ਰੀਇਮੈਜਨ, ਰੀਕ੍ਰੀਏਟ ਤੇ ਰੀਸਟੋਰ’  ਥੀਮ ਰੱਖਿਆ ਗਿਆ ਹੈ । 

ਇਸ ਮੌਕੇ ਕਪੂਰਥਲਾ ਰੇਂਜ ਸਟਾਫ ਸ੍ਰੀ ਫੂਲਾ ਸਿੰਘ, ਰਣਜੀਤ ਸਿੰਘ, ਜੌਲੀ, ਕੁਲਦੀਪ ਸਿੰਘ, ਬੌਬਿੰਦਰ ਸਿੰਘ, ਰਣਬੀਰ ਸਿੰਘ ਮੌਜੂਦ ਸਨ।