ਤੁਹਾਡੀ ਜਿਊਲਰੀ ਸ਼ੁੱਧ ਹੈ ਜਾਂ ਨਹੀਂ ਇੰਝ ਕਰੋ ਚੈੱਕ, ਹਾਲਮਾਰਕਿੰਗ ਦੀ ਜਾਂਚ ਵੀ ਹੈ ਜ਼ਰੂਰੀ

0
67

ਨਵੀਂ ਦਿੱਲੀ  ਜਿਊਲਰੀ ਦੀ ਗ਼ਲਤ ਵਿਕਰੀ ਨਾ ਹੋਵੇ ਇਸ ਦੇ ਲਈ ਸਰਕਾਰ ਨੇ 16 ਜੂਨ ਤੋਂ ਸਾਰੇ ਜਵੈਲਰਜ਼ ਨੂੰ ਹਾਲਮਾਰਕ ਜਿਊਲਰੀ ਵੇਚਣ ਨੂੰ ਕਿਹਾ ਹੈ। ਕਈ ਵਾਰ, ਜੌਹਰੀ ਇਹ ਕਹਿੰਦੇ ਹੋਏ ਗਹਿਣੇ ਵੇਚਦੇ ਹਨ ਕਿ ਉਹ 22 ਕੈਰੇਟ ਦਾ ਹੈ, ਪਰ ਅਸਲੀਅਤ ਵਿਚ ਇਹ ਘੱਟ ਸ਼ੁੱਧਤਾ ਦਾ ਹੋ ਸਕਦਾ ਹੈ। ਪਰ ਜੇਕਰ ਕੋਈ ਜੌਹਰੀ ਚਾਹੇ ਤਾਂ ਹਾਲਮਾਰਕਿੰਗ ਦੀ ਫਰਜ਼ੀ ਜਾਣਕਾਰੀ ਵੀ ਦੇ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਗਹਿਣਿਆਂ ‘ਤੇ ਹਾਲਮਾਰਕਿੰਗ ਅਸਲੀਅਤ ਹੈ, ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ।

ਹਾਲਮਾਰਕਿੰਗ ਸ਼ੁੱਧਤਾ ਦਾ ਪ੍ਰਮਾਣ ਹੈ। ਜੌਹਰੀ ਹਾਲਮਾਰਕਿੰਗ ਕੇਂਦਰਾਂ (AHC) ਤੋਂ ਹਾਲਮਾਰਕਿੰਗ ਦਾ ਪ੍ਰਮਾਣ ਪੱਤਰ ਲੈ ਸਕਦਾ ਹੈ। ਭਾਰਤੀ ਮਾਪਦੰਡ ਬਿਊਰੋ (BIS) ਇਨ੍ਹਾਂ ਕੇਂਦਰਾਂ ਨੂੰ ਮਾਨਤਾ ਦਿੰਦਾ ਹੈ। ਜੌਹਰੀ ਨੂੰ ਆਪਣਾ ਮਾਲ ਹਾਲਮਾਰਕ ਕਰਵਾਉਣ ਲਈ ਬੀਆਈਐੱਸ ਤੋਂ ਲਾਇਸੈਂਸ ਵੀ ਲੈਣਾ ਪਵੇਗਾ। ਹਾਲਮਾਰਗ ਵਾਲੇ ਗਹਿਣਿਆਂ ਦਾ ਇਕ ਟੁਕੜਾ ਤੁਹਾਨੂੰ ਸੋਨੇ ਦੀ ਸ਼ੁੱਧਤਾ ਦੱਸਦਾ ਹੈ, ਚਾਹੇ ਉਹ 18 ਕੈਰੇਟ ਦਾ ਹੋਵੇ, 20 ਦਾ ਜਾਂ 22 ਕੈਰੇਟ ਦਾ। ਗਹਿਣੇ ਖਰੀਦਣ ਵੇਲੇ, ਤੁਹਾਨੂੰ ਹਾਲਮਾਰਕ ਵਾਲੇ ਗਹਿਣਿਆਂ ‘ਤੇ ਤਿੰਨ ਨਿਸ਼ਾਨ ਦਿਖਾਈ ਦੇਣਗੇ- ਸ਼ੁੱਧਤਾ, ਪਰਖ ਜਾਂ ਹਾਲਮਾਰਕਿੰਗ ਕੇਂਦਰ ਦਾ ਪਛਾਣ ਚਿੰਨ੍ਹ ਤੇ ਜੌਹਰੀ ਦਾ ਪਛਾਣ ਚਿੰਨ੍ਹ/ਨੰਬਰ।

ਇਹ ਯਕੀਨੀ ਬਣਾਉਣ ਲਈ ਦਿੱਤੀ ਗਈ ਜਾਣਕਾਰੀ ਅਨੁਸਾਰ ਹਮੇਸ਼ਾ BIS ਰਜਿਸਟਰਡ ਜੌਹਰੀ ਤੋਂ ਹੀ ਖਰੀਦਦਾਰੀ ਕਰੋ। ਤੁਸੀਂ ਜੌਹਰੀ ਨੂੰ BIS ਲਾਇਸੈਂਸ ਦਿਖਾਉਣ ਲਈ ਵੀ ਕਹਿ ਸਕਦੇ ਹੋ। ਅਗਲਾ ਕੰਮ ਬਿੱਲ ਦੀ ਜਾਂਚ ਕਰਨਾ ਹੈ। ਨਿਯਮਾਂ ਅਨੁਸਾਰ ਜੌਹਰੀ ਨੇ ਹਾਲਮਾਰਕਿੰਗ ਫੀਸ ਦੀ ਜਾਣਕਾਰੀ ਅਲੱਗ ਤੋਂ ਦੇਣੀ ਹੁੰਦੀ ਹੈ। AHC 35 ਰੁਪਏ ਪ੍ਰਤੀ ਪੀਸ ਫੀਸ ਲੈਂਦਾ ਹੈ।ਨਿਯਮ ਮੁਤਾਬਕ ਬਿੱਲ ਜਾਂ ਚਲਾਨ ‘ਚ ਹਰੇਕ ਚੀਜ਼ ਦਾ ਵੇਰਵਾ, ਕੀਮਤੀ ਧਾਤ ਦਾ ਸ਼ੁੱਧ ਵਜ਼ਨ, ਕੈਰੇਟ ‘ਚ ਸ਼ੁੱਧਤਾ ਤੇ ਸੁੰਦਰਤਾ ਤੇ ਹਾਲਮਾਰਕਿੰਗ ਫੀਸ ਅਲੱਗ-ਅਲੱਗ ਹੋਣੀ ਚਾਹੀਦੀ ਹੈ।

ਜੇਕਰ ਤੁਸੀਂ ਹਾਲੇ ਵੀ ਸ਼ਸ਼ੋਪੰਜ ਵਿਚ ਹੋ ਤਾਂ ਤੁਸੀਂ ਕਿਸੇ ਵੀ ਬੀਆਈਐੱਸ-ਮਾਨਤਾ ਪ੍ਰਾਪਤ ਏਐੱਚਸੀ ਤੋਂ ਆਪਣੇ ਗਹਿਣਿਆਂ ਦੀ ਜਾਂਚ ਕਰਵਾ ਸਕਦੇ ਹੋ। ਕੇਂਦਰ ਪ੍ਰਾਓਰਿਟੀ ਬੇਸਿਸ ‘ਤੇ ਖਪਤਕਾਰਾਂ ਦੇ ਗਹਿਣਿਆਂ ਦੀ ਜਾਂਚ ਕਰਦੇ ਹਨ। ਜਾਂਚ ਤੋਂ ਬਾਅਦ ਏਐੱਚਸੀ ਇਕ ਰਿਪੋਰਟ ਜਾਰੀ ਕਰੇਗਾ। ਜੇਕਰ ਗਹਿਣਿਆਂ ਦੇ ਬਿੱਲ ਵਿਚ ਦੱਸੀ ਗਈ ਸ਼ੁੱਧਤਾ ਤੋਂ ਘੱਟ ਸ਼ੁੱਧਤਾ ਹੈ ਤਾਂ ਏਐੱਸਸੀ ਜਿਸ ਨੇ ਸ਼ੁਰੂਆਤੀ ਸਰਟੀਫਾਈ ਕੀਤਾ ਸੀ, ਨੂੰ ਖਪਤਕਾਰ ਦੀ ਫੀਸ ਵਾਪਸ ਕਰਨੀ ਪਵੇਗੀ। ਤੁਸੀਂ ਰਿਪੋਰਟ ਦੇ ਨਾਲ ਆਪਣੇ ਜੌਹਰੀ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਅਜਿਹੇ ਮਾਮਲਿਆਂ ‘ਚ ਉਹ ਗਾਹਕਾਂ ਨੂੰ ਨੁਕਸਾਨ ਪੂਰਤੀ ਲਈ ਵੀ ਜ਼ਿੰਮੇਵਾਰ ਹੋਵੇਗਾ।