ਫ਼ਿਰੋਜ਼ਪੁਰ ‘ਚ ਲੁੱਟਾਂ-ਖੋਹਾਂ ਦਾ ਸਿਲਸਿਲਾ ਜਾਰੀ, ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਪਿਸਤੌਲ ਵਿਖਾ ਕੇ ਲੁੱਟੇ 68 ਹਜ਼ਾਰ ਰੁਪਏ

0
66

 ਫਿਰੋਜ਼ਪੁਰ (TLT) ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਲੁੱਟਾਂ-ਖੋਹਾਂ ਤੇ ਕਤਲੋ-ਗਾਰਤ ਦਾ ਸਿਲਸਿਲਾ ਰੁਕਣ ਦਾ ਨਾਂ ਵੀ ਨਹੀਂ ਲੈ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ‘ਤੇ ਸਥਿਤ ਇਕ ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ 68 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਾਂਦੇ ਹੋਏ ਮੈਨੇਜਰ ਦਾ ਫੋਨ ਵੀ ਨਾਲ ਲੈ ਗਏ। ਪੁਲਿਸ ਨੇ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ਼ 382 ਆਈਪੀਸੀ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਹ ਲੱਕੀ ਐੱਚਪੀ ਫਿਊਲ ਪੈਟਰੋਲ ਪੰਪ ਪਿੰਡ ਜੀਵਾਂ ਅਰਾਈਂ ‘ਤੇ ਬਤੌਰ ਮੈਨੇਜਰ ਕੰਮ ਕਰਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦਫ਼ਤਰ ਵਿਚ ਕੈਸ਼ ਗਿਣ ਰਿਹਾ ਸੀ ਤੇ ਉਸ ਦੇ ਨਾਲ ਸਤੀਸ਼ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਧਨਾਉਪੁਰ ਜ਼ਿਲ੍ਹਾ ਇਟਾਵਾ ਉੱਤਰ ਪ੍ਰਦੇਸ਼ ਖੜ੍ਹਾ ਸੀ ਤਾਂ ਤਿੰਨ ਅਣਪਛਾਤੇ ਆਦਮੀ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਇਕ ਵਿਅਕਤੀ ਪੈਟਰੋਲ ਪੁਆਉਣ ਬਹਾਨੇ ਮਸ਼ੀਨ ਦੇ ਕੋਲ ਮੋਟਰਸਾਈਕਲ ਲੈ ਕੇ ਖੜ੍ਹ ਗਿਆ ਤੇ ਦੂਜੇ 2 ਵਿਅਕਤੀ ਦਫਤਰ ਦੇ ਅੰਦਰ ਆ ਗਏ।

ਪਰਮਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕੋਲ ਇਕ ਪਿਸਤੌਲ ਤੇ ਦੂਜੇ ਕੋਲ ਕਿਰਪਾਨ ਨੁਮਾ ਕੋਈ ਚੀਜ਼ ਸੀ। ਲੁਟੇਰਿਆਂ ਨੇ ਪਿਸਤੌਲ ਦਾ ਪੁੱਠਾ ਬੱਟ ਉਸ ਕੋਲ ਖੜ੍ਹੇ ਸਤੀਸ਼ ਕੁਮਾਰ ਦੇ ਸਿਰ ਵਿਚ ਮਾਰਿਆ ਜਿਸ ਨਾਲ ਉਸ ਦਾ ਖ਼ੂਨ ਨਿਕਲਣ ਲੱਗ ਪਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਪਿਸਤੌਲ ਦਿਖਾ ਕੇ 68 ਹਜ਼ਾਰ ਰੁਪਏ ਖੋਹ ਲਏ ਤੇ ਸੇਲਜ਼ਮੈਨ ਦਾ ਫੋਨ ਮਾਰਕਾ ਸੈਮਸੰਗ ਜੇ-6 ਵੀ ਨਾਲ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ 3 ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।