ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਥਾਂ ਕਾਂਗਰਸੀਆਂ ਦੇ ਪਰਿਵਾਰਕ ਮੈਂਬਰਾਂ ਨੁੰ ਘਰ ਘਰ ਨੌਕਰੀ ਦੇਣ ’ਚ ਰੁੱਝੀ : ਹਰਸਿਮਰਤ ਕੌਰ ਬਾਦਲ

0
78

ਮਾਨਸਾ (TLT) ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਕਾਂਗਰਸ ਦੇ ਐਮ ਪੀਜ਼ ਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਘਰ ਨੌਕਰੀ ਦੇ ਰਹੀ ਹੈ ਜਦੋਂ ਕਿ ਨੌਜਵਾਨ ਚਾਰ ਸਾਲ ਤੋਂ ਵਾਅਦੇ ਅਨੁਸਾਰ ਨੌਕਰੀਆਂ ਦੀ ਉਡੀਕ ਕਰ ਰਹੇ ਹਨ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਇਥੇ ਮਾਨਸਾ ਵਿਖੇ ਕੋਰੋਨਾ ਮਰੀਜ਼ਾਂ ਦੀ ਆਕਸੀਜ਼ਨ ਲੋੜ ਦੀ ਪੂਰਤੀ ਲਈ ਪੀ ਐਸ ਏ ਆਕਸੀਜ਼ਨ ਪਲਾਂਟ ਦੀ ਸਥਾਪਨਾ ਵਾਸਤੇ 1.43 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਪ੍ਰਵਾਨਗੀ ਵਾਲਾ ਪੱਤਰ ਡਿਪਟੀ ਕਮਿਸ਼ਸਨਰ ਨੂੰ ਸੌਂਪਣ ਆਏ ਸਨ। ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਹਲਕੇ ਤੇ ਆਲੇ ਦੁਆਲੇ ਦੇ ਲੋਕਾਂ ਦੀ ਆਕਸੀਜ਼ਨ ਜ਼ਰੂਰਤ ਨੁੰ ਪੂਰਾ ਕਰਲ ਵਾਸਤੇ ਇਹ ਆਕਸੀਜ਼ਨ ਪਲਾਂਟ ਜਲਦੀ ਤੋਂ ਜਲਦੀ ਲੱਗ ਜਾਵੇ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਡੀ ਐਸ ਪੀ ਦੀ ਨੌਕਰੀ ਦੇਣ ਤੇ ਹੁਣ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ ਐਸ ਪੀ ਤੇ ਤਹਿਸੀਲਦਾਰ ਲਗਾਉਣ ਦੇ ਤਰੀਕੇ ਦੀ ਗੱਲ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਨੌਕਰੀਆਂ ਅਜਿਹੇ ਤਰਸ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ ਜੋ ਮੌਜੂਦ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਪੰਜਾਬ ਦੇ ਕਾਬਲ ਨੌਜਵਾਨਾਂ ਵਾਸਤੇ ਬਣਦੀਆਂ ਨੌਕਰੀਆਂ ਕਾਂਗਰਸੀਆਂ ਦੇ ਪਰਿਵਾਰਾਂ ਨੁੰ ਦੇਣਾ ਨਿੰਦਣਯੋਗ ਹੈ ਤੇ ਅਕਾਲੀ ਦਲ ਇਹ ਯਕੀਨੀ ਬਣਾਵੇ ਕਿ ਇਹ ਅਨਿਆਂ ਰਾਹ ਵਿਚ ਹੀ ਰੁੱਕ ਜਾਵੇ।
ਇਕ ਸਵਾਲ ਦੇ ਜਵਾਬ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੈਬਨਿਟ ਵਜ਼ੀਰੀਆਂ ਵਾਸਤੇ ਦਿੱਲੀ ਭੱਜ ਰਹੇ ਹਨ ਤੇ ਸਿਖਰਲੀ ਕੁਰਸੀ ਵਾਸਤੇ ਲੜ ਰਹੇ ਹਨ ਜਦੋਂ ਕਿ ਉਹਨਾਂ ਨੁੰ ਇਸ ਵੇਲੇ ਕੋਰੋਨਾ ਮਰੀਜ਼ਾਂ ਦੀ ਮਦਦ ਵਾਸਤੇ ਮੈਦਾਨ ਵਿਚ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਜਿਹਨਾਂ ਨੁੰ ਕੋਰੋਨਾ ਦੀਆਂ ਦਵਾਈਆਂ, ਆਕਸੀਜ਼ਨ ਤੇ ਵੈਕਸੀਨ ਨਹੀਂ ਮਿਲ ਰਹੀਆ, ਦੀਆਂ ਤਕਲੀਫਾਂ ਤੋਂ ਬੇਪਰਵਾਹ ਹਨ ਤੇ ਆਪਣੀ ਕੁਰਸੀ ਬਚਾਉਣ ਵਿਚ ਲੱਗੇ ਹਨ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪ੍ਰਾਈਵੇਟ ਸਪਤਾਲ ਮਰੀਜ਼ਾਂ ਨੁੰ ਲੁੱਟ ਰਹੇ ਹਨ ਤੇ ਸਰਕਾਰੀ ਹਸਪਤਾਲਾਂ ਵਿਚ ਢੁਕਵੀਂਆਂ ਮੈਡੀਕਲ ਸੰਭਾਲ ਸਹੂਲਤਾਂ ਨਹੀਂ ਹਨ। ਉਹਨਾਂ ਨੇ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਇਸ ਸੰਕਟ ਦੀ ਘੜੀ ਵੇਲੇ ਲੋਕਾਂ ਨੂੰ ਛੱਡ ਜਾਣ ਦੀ ਵੀ ਨਿਖੇਧੀ ਕੀਤੀ।
ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਨਿਰੰਤਰ ਵਿਗੜ ਰਹੀ ਹੈ ਤੇ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਕਿਉਂਕਿ ਕਾਂਗਰਸ ਦੇ ਆਗੂ ਹੀ ਗੈਂਗਸਟਰਾਂ ਨਾਲ ਰਲੇ ਹੋਏ ਹਨ। ਉਹਨਾਂ ਕਿਹਾ ਕਿ ਅਜਿਹੇ ਸਮੇਂ ਵਿਚ ਗੈਂਗਸਟਰ ਵਪਾਰੀਆਂ ਨੁੰ ਧਮਕੀਆਂ ਦੇ ਫਿਰੌਤੀਆਂ ਵਸੂਲ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਅੱਜ ਮਾਨਸਾ ਵਿਖੇ ਆਕਸੀਜ਼ਨ ਪਲਾਂਟ ਲਗਾਉਣ ਲਈ 1.43 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਤਲਵੰਡੀਸਾਬੋ ਤੇ ਗੋਨਿਆਣਾ ਵਿਖੇ ਦੋ ਆਕਸੀਜ਼ਨ ਪਲਾਂਟ ਲਾਉਣ ਲਈ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ 1.5 ਕਰੋੜ ਰੁਪਏ ਖਰਚਣ ਦੀ ਮਨਜ਼ੂਰੀ ਦੇ ਦਿੱਤੀ ਸੀ ਤੇ ਸਾਲ 2019-20 ਦੇ ਫੰਡ ਅਣਵਰਤੇ ਪਏ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਪਹਿਲਕਦਮੀ ਇਸ ਵਾਸਤੇ ਕੀਤੀ ਕਿਉਂਕਿ ਉਹਨਾਂ ਦੇ ਹਲਕੇ ਵਿਚ ਆਕਸੀਜ਼ਨ ਦੀ ਭਾਰੀ ਕਮੀ ਸੀ ਤੇ ਸਮੇਂ ਸਿਰ ਆਕਸੀਜ਼ਨ ਸਪਲਾਈ ਸਦਕਾ ਕੋਰੋਨਾ ਮਰੀਜ਼ ਪਹਿਲੇ ਹੀ ਪੜਾਅ ਵਿਚ ਠੀਕ ਹੋ ਸਕਦੇ ਹਨ।
ਇਸ ਮੌਕੇ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕੱਈ ਵੀ ਹਾਜ਼ਰ ਸਨ।