CoronaVirus ਤੋਂ ਰਾਹਤ ਦਿਵਾਏਗਾ ਚੀਨੀ ਟੀਕਾ, WHO ਨੇ ਦਿੱਤੀ ਮਨਜ਼ੂਰੀ

0
79

ਜੇਨੇਵਾ (TLT) ਕੌਮਾਂਤਰੀ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਚੀਨੀ ਕੰਪਨੀ ਦੀ ਕੋਵਿਡ ਰੋਕੂ ਵੈਕਸੀਨ ਨੂੰ ਐਮਰਜੈਂਸੀ ਵਿੱਚ ਵਰਤਣ ਦੀ ਆਗਿਆ ਦੇ ਦਿੱਤੀ ਹੈ। ਬੀਜਿੰਗ ਆਧਾਰਿਤ ਸਿਨੋਵੈਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ‘ਸਿਨੋਵੈਕ-ਕੋਰੋਨਾਵੈਕ’ ਸੁਰੱਖਿਆ, ਪ੍ਰਭਾਵਸ਼ੀਲ ਅਤੇ ਨਿਰਮਾਣ ਲਈ ਬਣਾਏ ਕੌਮਾਂਤਰੀ ਮਾਪਦੰਡਾਂ ‘ਤੇ ਪੂਰੀ ਉੱਤਰਦੀ ਹੈ।

ਸਿਹਤ ਉਤਪਾਦਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਾਇਮ ਕੀਤੇ ਡਬਲਿਊਐਚਓ ਦੇ ਸਹਾਇਕ ਡਾਇਰੈਕਟਰ ਮਾਰਿਯਾਂਗੇਲਾ ਸਿਮਾਓ ਨੇ ਬਿਆਨ ਵਿੱਚ ਕਿਹਾ ਹੈ ਕਿ ਦੁਨੀਆ ਭਰ ਵਿੱਚ ਵੈਕਸੀਨ ਪਹੁੰਚ ਉਤਾਰ-ਚੜ੍ਹਾਅ ਨੂੰ ਇੱਕ ਸਮਾਨ ਕਰਨ ਲਈ ਵਿਸ਼ਵ ਵਿੱਚ ਕਈ ਕੋਵਿਡ-19 ਰੋਕੂ ਟੀਕਿਆਂ ਦੀ ਸਖ਼ਤ ਲੋੜ ਹੈ। ਸਿਮਾਓ ਨੇ ਆਖਿਆ ਕਿ ਉਹ ਨਿਰਮਾਤਾਵਾਂ ਨੂੰ ਵੈਕਸੀਨ ਸਹੂਲਤ ਵਿੱਚ ਹਿੱਸਾ ਲੈਣ, ਆਪਣੀ ਖੋਜ ਅਤੇ ਡੇਟਾ ਨੂੰ ਸਾਂਝਾ ਕਰਨ ਅਤੇ ਮਹਾਮਾਰੀ ਨੂੰ ਕਾਬੂ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ।

ਸਿਨੋਵੈਕ-ਕੋਰੋਨਾਵੈਕ ਟੀਕੇ ਦੇ ਮਾਮਲੇ ਵਿੱਚ ਕੌਮਾਂਤਰੀ ਸੰਸਥਾ ਨੇ ਮੌਕੇ ‘ਤੇ ਜਾ ਕੇ ਜਾਂਚ ਪੜਤਾਲ ਵੀ ਕੀਤੀ। ਡਬਲਿਊਐਚਓ ਨੇ ਇਸ ਨੂੰ ਉਤਪਾਦਨ ਲਈ ਦਰੁਸਤ ਮੰਨਿਆ ਅਤੇ ਇਸ ਦੇ ਭੰਡਾਰਨ ਦੀਆਂ ਲੋੜਾਂ ਵੀ ਪ੍ਰਬੰਧਨਯੋਗ ਹਨ। ਇਸੇ ਲਈ ਇਹ ਟੀਕਾ ਖ਼ਾਸ ਤੌਰ ‘ਤੇ ਸੀਮਤ ਸਾਧਨਾਂ ਵਾਲੀਆਂ ਥਾਵਾਂ ‘ਤੇ ਵਰਤੋਂ ਲਈ ਢੁਕਵਾਂ ਪਾਇਆ ਗਿਆ ਹੈ। 

ਵਿਸ਼ਵ ਸਿਹਤ ਸੰਗਠਨ ਦੇ ਸਟ੍ਰੈਟਿਜਿਕ ਐਡਵਾਈਜ਼ਰੀ ਗਰੁੱਪ ਆਫ ਇਮਿਊਨਾਈਜ਼ੇਸ਼ਨ (SAGE) ਨੇ ਵੀ ਸਿਨੋਵੈਕ-ਕੋਰੋਨਾਵੈਕ ਵੈਕਸੀਨ ਦੀ ਸਮੀਖਿਆ ਪੂਰੀ ਕਰ ਲਈ ਹੈ। ਸੇਜ ਮੁਤਾਬਕ ਇਹ ਟੀਕਾ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲਾਇਆ ਜਾ ਸਕਦਾ ਹੈ। ਪਹਿਲੀ ਖੁਰਾਕ ਲੱਗਣ ਦੇ ਦੋ ਤੋਂ ਚਾਰ ਹਫ਼ਤਿਆਂ ਬਾਅਦ ਦੂਜਾ ਟੀਕਾ ਵੀ ਲਾਇਆ ਜਾ ਸਕਦਾ ਹੈ।