ਕੋਰੋਨਾ ਕਾਲ ’ਚ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਣ ਲਈ ਜ਼ਿੰਦਾਦਿਲੀ ਜ਼ਰੂਰੀ : SSP ਕੰਵਰਦੀਪ ਕੌਰ

0
88

ਕਪੂਰਥਲਾ (TLT) ਕੋਰੋਨਾ ਮਹਾਮਾਰੀ ਦੇ ਦੌਰ ’ਚ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਣ ਲਈ ਜ਼ਿੰਦਾਦਿਲੀ ਦੀ ਜ਼ਰੂਰਤ ਹੈ, ਦਰਪੇਸ਼ ਚਨੌਤੀਆਂ ਨੂੰ ਦੇਖ ਕੇ ਹੀ ਹਥਿਆਰ ਸੁੱਟਣ ਨਾਲ ਕਦੇ ਰਣ ਨਹੀਂ ਜਿੱਤੇ ਜਾਂਦੇ। ਇਹ ਪ੍ਰਗਟਾਵਾ ਐੱਸਐੱਸਪੀ ਕਪੂਰਥਲਾ ਕੰਵਰਦੀਪ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਜਨਤਾ ਦੇ ਸਹਿਯੋਗ ਤੋਂ ਬਿਨਾਂ ਕਾਨੂੰਨ ਵਿਵਸਥਾ ਦੀ ਕੋਈ ਵੀ ਜੰਗ ਨਹੀਂ ਜਿੱਤ ਸਕਦੀ ਪਰ ਉਸ ਜੰਗ ਨੂੰ ਜਿੱਤਣ ਲਈ ਪੁਲਿਸ ਮੁਲਾਜ਼ਮਾਂ ਨੂੰ ਵੀ ਫਰਜ਼ਾਂ ਨੂੰ ਸਮਰਪਿਤ ਸੋਚ ਦਾ ਪ੍ਰਗਟਾਵਾ ਕਰਨਾ ਹੋਵੇਗਾ। ਭਾਂਵੇ ਪੰਜੇਂ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਮੁੱਠੀ ਬੰਦ ਕਰਨ ਨਾਲ ਸਭ ਬਰਾਬਰ ਹੋ ਕੇ ਇੱਕਜੁਟਤਾ ਦਾ ਪ੍ਰਤੀਕ ਜ਼ਰੂਰ ਬਣ ਸਕਦੀਆਂ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਪੁਲਿਸ ਵਿਭਾਗ ਵਿਚ ਹੋ ਸਕਦਾ ਹੈ ਕਿ ਕੁਝ ਮੁਲਾਜ਼ਮ ਚੰਗੇ ਨਹੀਂ ਹੋਣਗੇ ਪਰ ਉਨ੍ਹਾਂ ਦੇ ਮਾਡ਼ੇ ਜਾਂ ਬੁਰੇ ਹੋਣ ਦਾ ਸੰਤਾਪ ਸਾਰੇ ਪੁਲਿਸ ਮੁਲਾਜ਼ਮਾਂ ’ਤੇ ਵੀ ਨਹੀਂ ਠੋਸਿਆ ਜਾ ਸਕਦਾ। ਪੰਜਾਬ ਪੁਲਿਸ ਦੁਨੀਆ ਦੀ ਬੇਹਤਰੀਨ ਪੁਲਿਸ ’ਚ ਮੋਹਰਲੀ ਕਤਾਰ ਵਿਚ ਸ਼ਾਮਿਲ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਯੋਗ ਅਗਵਾਈ ਦਾ ਹੀ ਨਤੀਜਾ ਹੈ ਕਿ ਇਸ ਕੋਰੋਨਾ ਕਾਲ ਵਿਚ ਪੰਜਾਬ ਪੁਲਿਸ ਦਾ ਮਨੋਬਲ ਬਹੁਤ ਉੱਚਾ ਹੈ ਅਤੇ ਜਨਤਾ ਦੀ ਚਡ਼੍ਹਦੀ ਕਲਾ ਲਈ 24 ਘੰਟੇ ਆਪਣੇ ਫਰਜ਼ ਨਿਭਾਉਣ ਲਈ ਸਮਰਪਿਤ ਹੈ। ਕੋਰੋਨਾ ਦੀ ਇਸ ਦੂਸਰੀ ਲਹਿਰ ਵਿਚ ਹੀ ਜਦੋਂ ਡਰ ਕਾਰਨ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਵੀ ਡਰਦੇ ਸਨ, ਉਸ ਵਕਤ ਕਪੂਰਥਲਾ ਪੁਲਿਸ ਦੀ ਅਗਵਾਈ ਵਿਚ ਲੋਕਾਂ ਨੂੰ ਸਮਝਾ ਕੇ ਉਤਸ਼ਾਹਿਤ ਹੀ ਨਹੀਂ ਕੀਤਾ ਸਗੋਂ 50 ਹਜ਼ਾਰ ਲੋਕਾਂ ਨੇ ਅੱਗੇ ਆ ਕੇ ਆਪਣੇ ਟੈਸਟ ਵੀ ਕਰਵਾਏ। ਇਸੇ ਤਰ੍ਹਾਂ 2500 ਤੋਂ ਵੱਧ ਆਰਥਿਕ ਪੱਖੋਂ ਕਮਜ਼ੋਰ ਅਜਿਹੇ ਕੋਰੋਨਾ ਮਰੀਜ਼ਾਂ ਨੂੰ ਵੀ ਲੱਭ ਕੇ ਬਣਿਆ ਹੋਇਆ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਕਾਰਜ ਨੂੰ ਪੂਰਾ ਕਰਨ ਲਈ ਥਾਣਾ ਪੱਧਰ ’ਤੇ ਐੱਸਐੱਚਓਜ਼ ਅਗਵਾਈ ਕਰ ਰਹੇ ਹਨ ਅਤੇ ਸਾਰੇ ਗਜ਼ਟਿਡ ਅਧਿਕਾਰੀ ਨਿਗਰਾਨ ਵਜੋਂ ਸੇਵਾਵਾਂ ਦੇ ਰਹੇ ਹਨ।