ਕੋਰੋਨਾ ਦੇ ਕਹਿਰ ‘ਚ ਸਾਈਬਰ ਅਟੈਕ, 114 ਫ਼ੀਸਦੀ ਵਧ ਗਏ ਸਾਈਬਰ ਹਮਲੇ: ਰਿਪੋਰਟ

0
44

ਨਵੀਂ ਦਿੱਲੀ (TLT) ਪਿਛਲੇ ਸਾਲ ਜਦੋਂ ਕੋਰੋਨਾ ਦੀ ਲਾਗ ਆਪਣੇ ਸਿਖਰ ‘ਤੇ ਸੀ ਤਾਂ ਸਾਈਬਰ ਹਮਲਿਆਂ ‘ਚ ਖੂਬ ਤੇਜ਼ੀ ਆਈ ਸੀ। ਸਾਈਬਰ ਸਕਿਓਰਿਟੀ ਫਰਮ ਮੈਕੇਫੀ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਵਿਚਕਾਰ ਸਾਈਬਰ ਕ੍ਰਾਈਮ ਤੇ ਇਸ ਨਾਲ ਸਬੰਧਤ ਹੋਰ ਗਤੀਵਿਧੀਆਂ ਦੇ ਪ੍ਰਤੀ ਮਿੰਟ ‘ਚ 648 ਮਾਮਲੇ ਸਾਹਮਣੇ ਆਏ ਸਨ। ਕੰਪਨੀ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਜੁਲਾਈ ਤੋਂ ਸਤੰਬਰ ਵਿਚਕਾਰ ਕੋਵਿਡ ਨਾਲ ਜੁੜੇ ਸਾਈਬਰ ਹਮਲਿਆਂ ‘ਚ 114 ਫ਼ੀਸਦੀ ਵਾਧਾ ਹੋਇਆ ਸੀ।

ਨੈਟਵਰਕ ਤੇ ਡਾਟਾ ਸਮਰੱਥਾ ਨੂੰ ਖਤਰਾ
ਮੈਕੇਫੀ ਦੇ ਫੈਲੋ ਤੇ ਚੀਫ਼ ਸਾਈਂਟਿਸ਼ਟ ਰਾਜ ਸਮਾਨੀ ਨੇ ਕਿਹਾ ਕਿ ਕੋਵਿਡ-19 ਸਮੇਂ ਜਦੋਂ ਜ਼ਿਆਦਾਤਰ ਮੁਲਾਜ਼ਮ ਘਰ ਤੋਂ ਕੰਮ ਕਰ ਰਹੇ ਸਨ, ਉਦੋਂ ਕੁਝ ਠੱਗ ਖਿਡਾਰੀ ਕੋਵਿਡ-19 ਦਾ ਫ਼ਾਇਦਾ ਚੁੱਕਦਿਆਂ ਹਮਲੇ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਰੈਮਸਮਵੇਅਰ ਅਤੇ ਮਾਲਵੇਅਰ ਵਰਗੇ ਵਾਇਰਸ ਵਰਕ ਰਿਲੇਟਿਡ ਐਪਸ ਨੂੰ ਨਿਸ਼ਾਨਾ ਬਣਾ ਰਹੇ ਸਨ। ਇਸ ਨਾਲ ਨੈਟਵਰਕ ਅਤੇ ਡਾਟਾ ਸਮਰੱਥਾ ਲਈ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ। ਇਨ੍ਹਾਂ ਹਮਲਿਆਂ ਕਾਰਨ ਕਰੋੜਾਂ ਦੀ ਜਾਇਦਾਦ ਨੂੰ ਨੁਕਸਾਨ ਹੋਇਆ ਸੀ ਤੇ ਬਾਅਦ ‘ਚ ਡਾਟਾ ਨੂੰ ਰਿਕਵਰ ਕਰਨ ‘ਚ ਕਰੋੜਾਂ ਰੁਪਏ ਖ਼ਰਚ ਕਰਨੇ ਪਏ ਸਨ।

ਮੋਬਾਈਲ ਉਪਕਰਣਾਂ ‘ਤੇ ਸਭ ਤੋਂ ਵੱਧ ਹਮਲੇ
ਮੈਕੇਫੀ ਅਨੁਸਾਰ ਮਾਲਵੇਅਰ ਨੇ ਸਭ ਤੋਂ ਵੱਧ ਮੋਬਾਈਲ ਉਪਕਰਣਾਂ ‘ਤੇ ਹਮਲਾ ਕੀਤਾ। ਇਸ ਕਾਰਨ ਮੋਬਾਈਲ ਉਪਕਰਣਾਂ ‘ਤੇ ਹਮਲਿਆਂ ਦੀ ਗਿਣਤੀ ਅਕਤੂਬਰ ਤੋਂ ਦਸੰਬਰ ਤਕ 118 ਫ਼ੀਸਦੀ ਵਧੀ ਹੈ। ਇਸ ਤਰ੍ਹਾਂ ਤਕਨਾਲੋਜੀ ਸੈਕਟਰ ‘ਤੇ ਹਮਲਿਆਂ ਦੀਆਂ ਸ਼ਿਕਾਇਤਾਂ ‘ਚ ਵੀ 100 ਫ਼ੀਸਦੀ ਵਾਧਾ ਹੋਇਆ ਹੈ।

ਮੈਕੇਫ਼ੀ ਨੇ ਕਿਹਾ ਕਿ ਇਸ ਮਿਆਦ ਦੌਰਾਨ, ਕਲਾਊਡ ਯੂਜਰਾਂ ਦੇ ਖਾਤਿਆਂ ‘ਤੇ 31 ਲੱਖ ਬਾਹਰੀ ਹਮਲੇ ਹੋਏ। ਇਨ੍ਹਾਂ ਹਮਲਿਆਂ ਦਾ ਸ਼ਿਕਾਰ ਕਈ ਵੱਡੀਆਂ ਕੰਪਨੀਆਂ ਹੋਈਆਂ। ਇਨ੍ਹਾਂ ‘ਚ ਵਿੱਤੀ ਸੇਵਾ, ਸਿਹਤ ਦੇਖਭਾਲ, ਜਨਤਕ ਖੇਤਰ, ਸਿੱਖਿਆ, ਪ੍ਰਚੂਨ, ਤਕਨਾਲੋਜੀ, ਨਿਰਮਾਣ, ਊਰਜਾ, ਸਹੂਲਤਾਂ, ਕਾਨੂੰਨੀ, ਰੀਅਲ ਅਸਟੇਟ, ਆਵਾਜਾਈ ਤੇ ਵਪਾਰ ਸੇਵਾ ‘ਤੇ ਸਭ ਤੋਂ ਵੱਧ ਹਮਲੇ ਕੀਤੇ ਗਏ।