ਹੁਣ ਨਸ਼ਾ ਤਸਕਰਾਂ ਨੂੰ ਪਊ ਨੱਥ, ਪਿੰਡਾਂ ਦੀਆਂ ਪੰਚਾਇਤਾਂ ਨੇ ਕੀਤਾ ਵੱਡਾ ਫੈਸਲਾ, ਪੁਲਿਸ ਵੀ ਦੇਵੇਗੀ ਪੂਰਾ ਸਾਥ

0
47

ਬਰਨਾਲਾ (TLT) ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਬਰਨਾਲਾ ਜ਼ਿਲੇ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜ਼ਿਲੇ ਦੇ ਮਹਿਲ ਕਲਾਂ ਅਤੇ ਸ਼ਹਿਣਾ ਬਲਾਕ ਦੀਆਂ 20 ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਬਰਨਾਲਾ ਪੁਲਿਸ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਸ ਕਰਕੇ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੂੰ ਸੌਂਪੇ ਗਏ ਹਨ।

ਪੰਚਾਇਤਾਂ ਵੱਲੋਂ ਪਾਏ ਗਏ ਮਤਿਆਂ ਅਨੁਸਾਰ ਜੇਕਰ ਪਿੰਡਾਂ ਵਿੱਚੋਂ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਫ਼ੜਿਆ ਜਾਂਦਾ ਹੈ ਤਾਂ ਕੋਈ ਵੀ ਪੰਚਾਇਤੀ ਨੁਮਾਇੰਦਾ ਉਸ ਪਿੱਛੇ ਨਹੀਂ ਜਾਵੇਗਾ। ਇਸਤੋਂ ਇਲਾਵਾ ਪਿੰਡ ਦਾ ਕੋਈ ਵਿਅਕਤੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਵੇਗਾ ਅਤੇ ਨਾ ਹੀ ਉਸਦੇ ਹੱਕ ਵਿੱਚ ਗਵਾਹੀ ਦੇਵੇਗਾ।

ਇਸਤੋਂ ਇਲਾਵਾ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਵੀ ਸੂਚਨਾ ਪੰਚਾਇਤਾਂ ਪੁਲਿਸ ਨੂੰ ਦੇਣਗੀਆਂ। ਨਸ਼ਿਆਂ ਵਿਰੁੱਧ ਮਤੇ ਪਾਸ ਕਰਨ ਵਾਲੀਆਂ ਵਿੱਚ ਪਿੰਡ ਟੱਲੇਵਾਲ, ਰਾਮਗੜ, ਮੱਝੂਕੇ, ਬੀਹਲਾ ਖ਼ੁਰਦ, ਚੰਨਣਵਾਲ, ਗਹਿਲਾਂ, ਦੀਵਾਨਾ, ਸੱਦੋਵਾਲ, ਤਲਵੰਡੀ, ਪੱਤੀ ਦੀਪ ਸਿੰਘ ਵਾਲਾ, ਵਿਧਾਤਾ, ਭੋਤਨਾ, ਚੂੰਘਾਂ, ਮੱਲੀਆਂ, ਪੱਖੋਕੇ, ਕੈਰੇ, ਉਗੋਕੇ, ਜੋਧਪੁਰ, ਜਵੰਧਾ ਕੋਠੇ ਅਤੇ ਜੰਗੀਆਣਾ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹਨ।

ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਪੰਚਾਇਤਾਂ ਦੇ ਇਸ ਫ਼ੈਸਲੇ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਜ਼ਿਲੇ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਪੰਚਾਇਤਾਂ ਦਾ ਇਹ ਕਦਮ ਸਹਾਈ ਹੋਵੇਗਾ। ਇਸ ਮੌਕੇ ਟੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ, ਰਾਮਗੜ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਅਤੇ ਗਹਿਲ ਦੇ ਸਰਪੰਚ ਸਾਉਣ ਸਿੰਘ ਨੇ ਦੱਸਿਆ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਵੱਡਾ ਨੁਕਸਾਨ ਕੀਤਾ ਹੈ। ਜਿਸ ਕਰਕੇ ਪੰਚਾਇਤਾਂ ਨੇ ਮਿਲ ਕੇ ਨਸ਼ਿਆਂ ਵਿਰੁੱਧ ਸਖ਼ਤ ਕਦਮ ਚੁੱਕਦਿਆਂ ਮਤੇ ਪਾਸ ਕੀਤੇ ਹਨ।

ਇਨ੍ਹਾਂ ਮਤਿਆਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੇਕਰ ਪਿੰਡਾਂ ਵਿੱਚੋਂ ਕੋਈ ਵਿਅਕਤੀ ਨਸ਼ਾ ਵੇਚਦਾ ਫ਼ੜਿਆ ਜਾਂਦਾ ਹੈ ਤਾਂ ਕੋਈ ਪੰਚਾਇਤੀ ਨੁਮਾਇੰਦਾ ਉਨ੍ਹਾਂ ਦੇ ਪਿੱਛੇ ਨਹੀਂ ਜਾਵੇਗਾ। ਪਿੰਡ ਦਾ ਕੋਈ ਵਿਅਕਤੀ ਨਸ਼ਾ ਤਸਕਰ ਦੀ  ਜ਼ਮਾਨਤ ਨਹੀਂ ਕਰਵਾਏਗਾ ਅਤੇ ਨਾ ਹੀ ਗਵਾਹੀ ਦੇਵੇਗਾ।  ਪਿੰਡਾਂ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ।

ਉਧਰ ਇਸ ਮੌਕੇ ਪਹੁੰਚੇ ਬਰਨਾਲਾ ਦੇ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਪੰਚਾਇਤਾਂ ਦੇ ਇਸ ਕਾਰਜ ਦੀ ਸ਼ਾਲਾਘਾਯੋਗ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਪੰਚਾਇਤਾਂ ਵੱਲੋਂ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਪੰਚਾਇਤਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਵੀ ਪੁਲੀਸ ਨੂੰ ਦੇਣ ਦਾ ਵਿਸ਼ਵਾਸ਼ ਦਵਾਇਆ ਹੈ। ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ’ਚ ਵੱਡਾ ਸਾਥ ਮਿਲੇਗਾ ਅਤੇ ਇਸਦੇ ਚੰਗੇ ਸਿੱਟੇ ਸਾਹਮਣੇ ਆਉਣਗੇ। ਐਸਐਸਪੀ ਗੋਇਲ ਨੇ ਕਿਹਾ ਕਿ ਹੋਰਨਾਂ ਪੰਚਾਇਤਾਂ ਨੂੰ ਵੀ ਇਹਨਾਂ ਪੰਚਾਇਤਾਂ ਵਾਂਗ ਅੱਗੇ ਆ ਕੇ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। 

ਦੱਸ ਦਈਏ ਕਿ ਬਰਨਾਲਾ ਪੁਲਿਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਜ਼ਿਲੇ ਵਿੱਚੋਂ ਮੈਡੀਕਲ ਸਮੇਤ ਹਰ ਤਰਾਂ ਦਾ ਨਸ਼ਾ ਖ਼ਤਮ ਕਰਨ ਲਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਸਨ। ਜਿਸ ਤਹਿਤ ਨੈਸ਼ਨਲ ਨਸ਼ਾ ਤਸਕਰੀ ਕਰਨ ਵਾਲੇ ਮਥੁਰਾ ਗੈਂਗ ਨੂੰ ਕਾਬੂ ਕਰਕੇ ਲੱਖਾਂ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਹੁਣ ਜਦੋਂ ਬਰਨਾਲਾ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇਣ ਲਈ ਪੰਚਾਇਤਾਂ ਵੀ ਨਿੱਤਰ ਆਈਆਂ ਹਨ ਤਾਂ ਇਸਦੇ ਹੋਰ ਚੰਗੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ