ਸ਼੍ਰੀ ਗੁਰੂ ਤੇਗ਼ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਬਾਰੇ ਪੀਐਮ ਮੋਦੀ ਦਾ ਵੱਡਾ ਐਲਾਨ

0
95

ਨਵੀਂ ਦਿੱਲੀ (TLT) ਭਾਰਤ ਸਰਕਾਰ ਸ਼੍ਰੀ ਗੁਰੂ ਤੇਗ਼ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ ਸਾਲ ਭਰ ਮਨਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 400ਵਾਂ ਪ੍ਰਕਾਸ਼ ਪੁਰਬ ਮਨਾਉਣਾ ਨਾ ਸਿਰਫ਼ ਅਧਿਆਤਮਕ ਸੁਭਾਗ ਹੈ ਬਲਕਿ ਇਹ ਕੌਮੀ ਫ਼ਰਜ਼ ਵੀ ਬਣਦਾ ਹੈ। ਨੌਵੇਂ ਸਿੱਖ ਗੁਰੂ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸਥਾਪਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੋਦੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਪੂਰਾ ਇੱਕ ਸਾਲ ਚੱਲਣਗੇ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਗੁਰੂ ਤੇਗ਼ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਉਲੀਕਣ, ਨੀਤੀਆਂ ਤੇ ਵੱਖ-ਵੱਖ ਯੋਜਨਾਵਾਂ ਨੂੰ ਪ੍ਰਵਾਨਗੀ ਦੇਣ ਲਈ ਪਿਛਲੇ ਸਾਲ 24 ਅਕਤੂਬਰ ਨੂੰ ਕਮੇਟੀ ਦਾ ਗਠਨ ਕੀਤਾ ਸੀ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਇਸ ਕਮੇਟੀ ਵਿੱਚ 70 ਮੈਂਬਰ ਹਨ।

ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ/ਸਰਗਰਮੀਆਂ ਨਾ ਸਿਰਫ਼ ਗੁਰੂ ਤੇਗ਼ ਬਹਾਦਰ ਦੀ ਜ਼ਿੰਦਗੀ ਤੇ ਸਿੱਖਿਆਵਾਂ ਬਲਕਿ ਗੁਰੂ ਵੱਲੋਂ ਪਾਈਆਂ ਪਿਰਤਾਂ ਦਾ ਕੁੱਲ ਆਲਮ ’ਚ ਸੰਚਾਰ ਕਰਨਗੀਆਂ। ਸਿੱਖ ਭਾਈਚਾਰੇ ਤੇ ਗੁਰਦੁਆਰਿਆਂ ਵੱਲੋਂ ਪੂਰੇ ਵਿਸ਼ਵ ਵਿੱਚ ਕੀਤੀ ਜਾਂਦੀ ਸਮਾਜਿਕ ਸੇਵਾ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਸਿੱਖ ਰਵਾਇਤਾਂ ਤੇ ਇਸ ਦੇ ਵੱਖ-ਵੱਖ ਪਹਿਲੂਆਂ ਦੀ ਖੋਜ ਕਰਕੇ ਇਨ੍ਹਾਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਣਾ ਚਾਹੀਦਾ ਹੈ।

ਵੀਡੀਓ ਕਾਨਫਰੰਸ ਰਾਹੀਂ ਹੋਈ ਇਸ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ।

ਮੋਦੀ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਨੇ ਰਾਸ਼ਟਰ ਸੇਵਾ ਦੇ ਨਾਲ-ਨਾਲ ਜੀਵ ਸੇਵਾ ਦਾ ਰਸਤਾ ਵਿਖਾਇਆ ਤੇ ਬਰਾਬਰੀ, ਸਦਭਾਵਨਾ ਤੇ ਤਿਆਗ ਦਾ ਮੰਤਰ ਦਿੱਤਾ ਹੈ, ਜਿਸ ਨੂੰ ਦੇਸ਼ ਦੇ ਹਰ ਨਾਗਰਿਕ ਤੱਕ ਪੁੱਜਦਾ ਕਰਨਾ ਕੌਮੀ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਦੀ ਰਵਾਇਤ ਆਪਣੇ ਆਪ ਵਿੱਚ ਜ਼ਿੰਦਗੀ ਦਾ ਮੁਕੰਮਲ ਫ਼ਲਸਫ਼ਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗੇ ਭਾਗਾਂ ਨੂੰ ਉਨ੍ਹਾਂ ਦੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਗੁਰੂ ਤੇਗ਼ ਬਹਾਦਰ ਦਾ 400 ਪ੍ਰਕਾਸ਼ ਪੁਰਬ ਤੇ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀਆਂ ਸਿੱਖਿਆਵਾਂ ਨੂੰ ਸਾਂਝਿਆਂ ਕਰਨ ਦਾ ਅਧਿਆਤਮਕ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕੌਮੀ ਫ਼ਰਜ਼ ਵੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਿੱਖਿਆਵਾਂ ਬਾਰੇ ਦੱਸਣਾ ਅਹਿਮ ਹੈ ਤੇ ਡਿਜੀਟਲ ਮਾਧਿਅਮ ਰਾਹੀਂ ਨਵੀਂ ਪੀੜ੍ਹੀ ਤੱਕ ਪੁੱਜਣਾ ਕਾਫ਼ੀ ਸੌਖਾ ਹੈ।