ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਚੌਧਰੀ ਸੁਰਿੰਦਰ ਸਿੰਘ ਵਲੋਂ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਤਹਿਤ ਮੋਬਾਇਲ ਵੈਂਡਿੰਗ ਈ ਕਾਰਟ ਵੰਡਣ ਦੀ ਰਸਮੀ ਸ਼ੁਰੂਆਤ

0
40

ਕਿਹਾ, ਇਹ ਸਕੀਮ ਕਿਸਾਨ ਨੂੰ ਸਿੱਧੇ ਮੰਡੀਕਰਨ ਲਈ ਉਤਸ਼ਾਹਿਤ ਕਰਨ ’ਚ ਨਿਭਾਏਗੀ ਅਹਿਮ ਭੂਮਿਕਾ
ਬਾਗਬਾਨੀ ਵਿਭਾਗ ਵਲੋਂ ਛੋਟੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ

ਜਲੰਧਰ  (ਰਮੇਸ਼ ਗਾਬਾ) ਸੂਬੇ ਵਿੱਚ ਕਿਸਾਨਾਂ ਦੀ ਖੇਤੀ ਆਮਦਨ ਨੂੰ ਵਧਾ ਕੇ ਉਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ ‘ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਸਕੀਮ ਤਹਿਤ ਅੱਜ ਇੰਡੋ-ਇਜ਼ਰਾਇਲ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ ਵਿਖੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਵਿਧਾਇਕ ਅਤੇ ਚੇਅਰਮੈਨ ਖੇਤੀਬਾੜੀ ਪੈਦਾਵਾਰ ਪਲੈਨਿੰਗ ਕਮੇਟੀ ਪੰਜਾਬ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ 7 ਕਿਸਾਨਾਂ ਨੂੰ ਮੋਬਾਇਲ ਵੈਂਡਿੰਗ ਈ-ਕਾਰਟ ਵੰਡਣ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਮੋਬਾਇਲ ਵੈਂਡਿੰਗ ਈ ਕਾਰਟ ਰਾਹੀਂ ਛੋਟੇ ਕਿਸਾਨ ਆਪਣੀ ਉਪਜ (ਖਾਸ ਕਰਕੇ ਸਬਜ਼ੀਆਂ ਤੇ ਫ਼ਲ) ਸਿੱਧੀ ਖ਼ਪਤਕਾਰਾਂ ਨੂੰ ਵੇਚ ਸਕਣਗੇ ਜਿਸ ਨਾਲ ਜਿਥੇ ਉਨਾਂ ਦਾ ਮੁਨਾਫ਼ਾ ਵਧੇਗਾ ਉਥੇ ਖਪਤਕਾਰਾਂ ਨੂੰ ਤਾਜ਼ੀ ਸਬਜ਼ੀ ਅਤੇ ਫ਼ਲ ਮਿਲ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਚੋਲਿਆਂ ਦੀ ਦਖਲ- ਅੰਦਾਜ਼ੀ ਘਟੇਗੀ ਜਿਸਦਾ ਸਿੱਧਾ ਲਾਭ ਕਿਸਾਨਾਂ ਅਤੇ ਖਪਤਕਾਰਾਂ ਨੂੰ ਹੋਵੇਗਾ। ਉਨ੍ਹਾਂ ਵਲੋਂ ਜ਼ਿਲ੍ਹਾ ਜਲੰਧਰ ਦੇ ਪੰਜ ਅਤੇ ਜ਼ਿਲ੍ਹਾ ਕਪੂਰਥਲਾ ਦੇ ਦੋ ਕਿਸਾਨਾਂ ਨੂੰ ਮੋਬਾਇਲ ਵੈਂਡਿੰਗ ਈ-ਕਾਰਟ ਸੌਂਪੇ ਗਏ।
ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਇਸ ਨਿਵੇਕਲੀ ਪਹਿਲ ਦੇ ਚੰਗੇ ਨਤੀਜੇ ਨਿਕਲਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਹੋਰ ਵੀ ਬੇਟਰੀ ਨਾਲ ਚੱਲਣ ਵਾਲੇ ਮੋਬਾਇਲ ਵੈਂਡਿੰਗ ਈ-ਕਾਰਟ ਸੌਂਪੇ ਜਾਣਗੇ ਜਿਸ ਨਾਲ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਸ੍ਰੀ ਵਿਪਨ ਪਠਾਨੀਆਂ ਨੇ ਦੱਸਿਆ ਕਿ ਮੋਬਾਇਲ ਵੈਂਡਿੰਗ ਈ-ਕਾਰਟ ਦੀ ਕੀਮਤ 1,80,000 ਰੁਪਏ ਹੈ ਜਿਸ ਵਿਚੋਂ ਟਾਟਾ ਟਰੱਸਟ ਵਲੋਂ 85000 ਹਜ਼ਾਰ ਅਤੇ ਐਮ.ਆਈ.ਡੀ.ਐਚ.ਅਧੀਨ 15000 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਸਿਰਫ਼ 80000 ਰੁਪਏ ਹੀ ਦੇਣੇ ਪੈਣੇ ਹਨ। ਉਨ੍ਹਾਂ ਦੱਸਿਆ ਕਿ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਅਨਿਰੁਧ ਤਿਵਾੜੀ, ਸਕੱਤਰ ਬਾਗਬਾਨੀ ਸ੍ਰੀ ਗਗਨਦੀਪ ਸਿੰਘ ਬਰਾੜ, ਡਾਇਰੈਕਟਰ ਬਾਗਬਾਨੀ ਸ੍ਰੀਮਤੀ ਸ਼ੈਲੇਂਦਰ ਕੌਰ ਦੇ ਯੋਗ ਉਪਰਾਲਿਆਂ ਸਦਕਾ ਬਾਗਬਾਨੀ ਵਿਭਾਗ ਵਲੋਂ ਇਸ ਸਕੀਮ ਨੂੰ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਹਨ ਖ਼ਰੀਦਣ ਲਈ ਵੱਧ ਤੋਂ ਵੱਧ ਛੋਟੇ ਕਿਸਾਨ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ। ਇਸ ਮੌਕੇ ਡਾ.ਦਲਜੀਤ ਸਿੰਘ ਗਿੱਲ ਪ੍ਰੋਜੈਕਟ ਡਾਇਰੈਕਟਰ, ਡਾ.ਸੁਖਦੀਪ ਸਿੰਘ ਹੁੰਦਲ ਸਹਾਇਕ ਡਾਇਰੈਕਟਰ ਬਾਗਬਾਨੀ, ਡਾ. ਲਾਲ ਬਹਾਦਰ ਸਹਾਇਕ ਡਾਇਰੈਕਟਰ ਬਾਗਬਾਨੀ ਜਲੰਧਰ, ਡਾ.ਰਂੁਪਿੰਦਰ ਸਿੰਘ ਗਿੱਲ ਬਾਗਬਾਨੀ ਵਿਕਾਸ ਅਫ਼ਸਰ ਫਿਲੌਰ, ਡਾ.ਸੁਖਵਿੰਦਰ ਸਿੰਘ ਥਿੰਦ ਫਾਰਮ ਮੈਨੇਜਰ ਮਲਸੀਆਂ, ਡਾ.ਮਨਪ੍ਰੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ, ਕਪੂਰਥਲਾ, ਡਾ.ਰਵੀਪਾਲ ਸਿਘ ਬਾਗਬਾਨੀ ਵਿਕਾਸ ਅਫ਼ਸਰ , ਡਾ.ਤੇਜਬੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਸੀ.ਈ.ਵੀ. ਕਰਤਾਰਪੁਰ, ਅਤੇ ਡਾ. ਤ੍ਰਿਪਤ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਸੀ.ਈ.ਵੀ. ਕਰਤਾਰਪੁਰ ਵੀ ਮੌਜੂਦ ਸਨ।