ਚੋਣ ਕਮਿਸ਼ਨ ‘ਤੇ ਉੱਠੇ ਸਵਾਲ! ਪ੍ਰਾਈਵੇਟ ਕਾਰ ’ਚ ਵੋਟਿੰਗ ਮਸ਼ੀਨ ਮਿਲਣ ਮਗਰੋਂ ਹੰਗਾਮਾ

0
146

ਗੁਹਾਟੀ (TLT) ਆਸਾਮ ਦੇ ਕਰੀਮਗੰਜ ਇਲਾਕੇ ’ਚ ਦੂਜੇ ਗੇੜ ਦੀ ਵੋਟਿੰਗ ਤੋਂ ਬਾਅਦ ਇੱਕ ਪ੍ਰਾਈਵੇਟ ਕਾਰ ’ਚੋਂ ਈਵੀਐੱਮ (EVM ਇਲੈਕਟ੍ਰੌਨਿਕ ਵੋਟਿੰਗ ਮਸ਼ੀਨ) ਮਿਲਣ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਹੈ। ਇਹ ਕਾਰ ਭਾਜਪਾ ਦੇ ਮੌਜੂਦਾ ਵਿਧਾਇਕ ਕ੍ਰਿਸ਼ਣੇਂਦੂ ਪੌਲ ਦੀ ਪਤਨੀ ਦੀ ਹੈ। ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇਸ ਮਾਮਲੇ ’ਚ ਵਿਸਤ੍ਰਿਤ ਰਿਪੋਰਟ ਮੰਗੀ ਹੈ। ਈਵੀਐੱਮ ਮਿਲਦ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਭਾਜਪਾ ਤੇ ਚੋਣ ਕਮਿਸ਼ਨ ਉੱਤੇ ਸੁਆਲ ਉਠਾਏ ਹਨ।

ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆ ਕਿਹਾ ਕਿ ਪ੍ਰਾਈਵੇਟ ਗੱਡੀਆਂ ’ਚ ਈਵੀਐੱਮ ਦਾ ਫੜੇ ਜਾਣਾ ਹੁਣ ਆਮ ਹੋ ਗਿਆ ਹੈ। ਇਹ ਗੱਡੀਆਂ ਆਮ ਤੌਰ ਉੱਤੇ ਭਾਜਪਾ ਉਮੀਦਵਾਰਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਹੁੰਦੀਆਂ ਹਨ। ਅਜਿਹੇ ਵਿਡੀਓ ਨੂੰ ਸਿਰਫ਼ ਇੱਕ ਘਟਨਾ ਵਜੋਂ ਲਿਆ ਜਾਂਦਾ ਹੈ ਤੇ ਬਾਅਦ ’ਚ ਰੱਦ ਕਰ ਦਿੱਤਾ ਜਾਂਦਾ ਹੈ। ਭਾਜਪਾ ਆਪਣੇ ਮੀਡੀਆ ਸਿਸਟਮ ਦੀ ਵਰਤੋਂ ਉਨ੍ਹਾਂ ਲੋਕਾਂ ਉੱਤੇ ਦੋਸ਼ ਲਾਉਣ ਲਈ ਕਰਦੀ ਹੈ, ਜਿਨ੍ਹਾਂ ਨੇ ਈਵੀਐਮ ਨੂੰ ਪ੍ਰਾਈਵੇਟ ਕਾਰ ’ਚ ਲਿਜਾਣ ਦੀ ਵਿਡੀਓ ਲੋਕਾਂ ਸਾਹਮਣੇ ਲਿਆਂਦੀ। ਚੋਣ ਕਮਿਸ਼ਨ ਨੂੰ ਇਨ੍ਹਾਂ ਸ਼ਿਕਾਇਤਾਂ ਉੱਤੇ ਫ਼ੈਸਲਾਕੁੰਨ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ

ਕਾਰ ’ਚ ਈਵੀਐੱਮ ਮਿਲਣ ਦੀ ਵਿਡੀਓ ਸਾਹਮਣੇ ਆਉਣ ਤੋਂ ਬਾਅਦ ਪਥਰਕੰਡੀ ’ਚ ਲੋਕ ਜਮ੍ਹਾ ਹੋ ਗਏ ਤੇ ਉੱਥੇ ਤਣਾਅ ਪੈਦਾ ਹੋ ਗਿਆ। ਸੋਸ਼ਲ ਮੀਡੀਆ ਉੱਤੇ ਲੋਕ ਸਿੱਧੇ ਤੌਰ ਉੱਤੇ ਚੋਣ ਕਮਿਸ਼ਨ ਉੱਤੇ ਸੁਆਲ ਉਠਾ ਰਹੇ ਹਨ। ਆਸਾਮ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਈਵੀਐੱਮ ਮਿਲਣ ਦੀ ਘਟਨਾ ਉੱਤੇ ਚੋਣ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

ਕਾਂਗਰਸ ਹੀ ਨਹੀਂ, ਇੱਕ ਪ੍ਰਾਈਵੇਟ ਕਾਰ ’ਚ ਈਵੀਐੱਮ ਮਿਲਣ ਤੋਂ ਬਾਅਦ ਵਿਡੀਓ ਨੂੰ AIUDF ਦੇ ਮੁਖੀ ਤੇ ਸੰਸਦ ਮੈਂਬਰ ਮੌਲਾਨਾ ਬਦਰੁੱਦੀਨ ਅਜਮਲ ਨੇ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਟਵੀਟ ’ਚ ਲਿਖਿਆ ਧਰੁਵੀਕਰਣ ਫ਼ੇਲ੍ਹ, ਵੋਟਾਂ ਦੀ ਖ਼ਰੀਦ ਫ਼ੇਲ੍ਹ, ਉਮੀਦਵਾਰਾਂ ਦੀ ਖ਼ਰੀਦ ਫ਼ੇਲ੍ਹ, ਜੁਮਲੇਬਾਜ਼ੀ ਫ਼ੇਲ੍ਹੇ, ਦੋਹਰੇ ਸੀਐੱਮ ਫ਼ੇਲ੍ਹ, ਸੀਏਏ ਉੱਤੇ ਦੋਹਰੀਆਂ ਗੱਲਾਂ ਫ਼ੇਲ੍ਹ। ਹਾਰ ਚੁੱਕੀ ਭਾਜਪਾ ਕੋਲ ਹੁਣ ਇੱਕੋ ਰਾਹ ਬਚਿਆ ਹੈ, ਈਵੀਐੱਮ ਦੀ ਚੋਰੀ। ਇਹ ਲੋਕਤੰਤਰ ਦੀ ਹੱਤਿਆ ਹੈ।