ਦੁਬਈ ਗਏ 21 ਸਾਲਾ ਪੰਜਾਬੀ ਨੌਜਵਾਨ ਨੂੰ ਮੌਤ ਦੀ ਸਜ਼ਾ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

0
81

ਹੁਸ਼ਿਆਰਪੁਰ (TLT) ਵਿਦੇਸ਼ ‘ਚ ਆਪਣੇ ਘਰ ਦੇ ਹਾਲਾਤ ਸੁਧਾਰਨ ਗਿਆ ਹੁਸ਼ਿਆਰਪੁਰ ਦਾ 21 ਸਾਲਾ ਨੌਜਵਾਨ ਚਰਨਜੀਤ ਸਿੰਘ ਹੁਣ ਮੌਤ ਦੀ ਕਗਾਰ ‘ਤੇ ਖੜ੍ਹਾ ਹੈ। ਦਰਅਸਲ ਦੁਬਈ ਕੋਰਟ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੁਣ ਪਰਿਵਾਰ ਨੇ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਤੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਇਕਲੌਤੇ ਬੇਟੇ ਨੂੰ ਬਚਾਇਆ ਜਾਵੇ।

ਦੁਬਈ ‘ਚ ਗੋਲ਼ੀ ਮਾਰ ਕੇ ਮਾਰੇ ਜਾਣ ਦੀ ਸਜ਼ਾ ਪਾਉਣ ਵਾਲੇ 21 ਸਾਲਾ ਨੌਜਵਾਨ ਨੂੰ ਬਚਾਉਣ ਲਈ ਘਰ ਵਾਲਿਆਂ ਨੇ ਗੁਹਾਰ ਲਾਈ ਹੈ। ਇਹ ਨੌਜਵਾਨ 2020 ‘ਚ ਰੋਜ਼ੀ ਰੋਟੀ ਕਮਾਉਣ ਦੁਬਈ ਗਿਆ ਸੀ। ਸੋਸ਼ਲ ਮੀਡੀਆ ‘ਤੇ ਇਸ ਨੌਜਵਾਨ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਚਰਨਜੀਤ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਆਪਣੀਆਂ ਤਿੰਨ ਭੈਣਾਂ ਤੇ ਮਾਪਿਆਂ ਦੀ ਬਿਹਤਰ ਜ਼ਿੰਦਗੀ ਦਾ ਆਸ ‘ਚ ਦੁਬਈ ਗਿਆ ਸੀ। ਪਹਿਲਾਂ ਉਸ ਦਾ ਫੋਨ ਆਉਂਦਾ ਰਿਹਾ ਪਰ ਫਿਰ ਫੋਨ ਆਉਣਾ ਬੰਦ ਹੋ ਗਿਆ।

ਉਸ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਕਿਸੇ ਪਠਾਨ ਨਾਲ ਲੜਾਈ ਹੋ ਗਈ ਤੇ ਉਹ ਕੁਝ ਲੋਕਾਂ ਨਾਲ ਜੇਲ੍ਹ ‘ਚ ਬੰਦ ਹੈ। ਚਰਨਜੀਤ ਦੀ ਮਾਮੀ ਜਸਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਫੋਨ ਕਰਕੇ ਕਿਹਾ ਸੀ ਕਿ ਪਤਾ ਨਹੀਂ ਉਸਦਾ ਕੀ ਹੋਵੇਗਾ ਪਰ ਤੁਸੀਂ ਮੇਰੇ ਮਾਪਿਆਂ ਦਾ ਧਿਆਨ ਰੱਖਣਾ।