ਸੋਮਵਾਰ ਬੰਦ ਰਹੇਗਾ ਮਲੋਟ, ਅਰੁਣ ਨਾਰੰਗ ‘ਤੇ ਹੋਏ ਹਮਲੇ ਮਗਰੋਂ ਭਾਜਪਾ ਨੇ ਕੀਤੀ ਮਲੋਟ ਬੰਦ ਦੀ ਅਪੀਲ

0
56

ਮੁਕਤਸਰ (TLT) ਮਲੋਟ (Malout) ਵਿਖੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ (BJP Leader Arun Narang) ਨਾਲ ਕੁੱਟਮਾਰ ਮਾਮਲੇ ਵਿੱਚ ਬੀਜੇਪੀ ਨੇਤਾਵਾਂ ਅਤੇ ਕਾਰਕੁਨਾਂ ਨੇ ਐਤਵਾਰ ਨੂੰ ਭਾਜਪਾ ਯੁਵਾ ਮੋਰਚਾ (BJP Youth Morcha) ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਧੋਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ (Punjab Government) ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਸਾੜਿਆ।

ਪ੍ਰਦਰਸ਼ਨ ਵਿੱਚ ਭਾਜਪਾ ਪੰਜਾਬ ਸੱਕਤਰ ਸੁਖਪਾਲ ਸਰਾਂ, ਭਾਜਪਾ ਪੰਜਾਬ ਸੈਕਟਰੀ ਅਤੇ ਜ਼ਿਲ੍ਹਾ ਇੰਚਾਰਜ ਸੁਨੀਤਾ ਗਰਗ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਭਾਜਪਾ ਨੇਤਾਵਾਂ ਨੇ ਦਫ਼ਤਰ ਵਿੱਚ ਮੀਟਿੰਗ ਕੀਤੀ। ਇਸ ਤੋਂ ਬਾਅਦ ਭਾਜਪਾ ਜੀਟੀ ਰੋਡ ਪਹੁੰਚੀ ਅਤੇ 10 ਮਿੰਟ ਦਾ ਧਰਨਾ ਦਿੱਤਾ। ਪੁਰਾਣੀ ਤਹਿਸੀਲ ਚੌਕ ਵਿਖੇ ਪੁਤਲਾ ਫੂਕਦਿਆਂ ਸਰਕਾਰ ਅਤੇ ਪੁਲਿਸ ਦੀ ਨਾਕਾਮੀ ਖਿਲਾਫ ਰੋਸ ਜ਼ਾਹਰ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਧਾਇਕ ਅਰੁਣ ਨਾਰੰਗ ਨਾਲ ਵਾਪਰੀ ਇਹ ਘਟਨਾ ਸਰਕਾਰ ਦੀ ਸ਼ਹਿ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਈ। ਪੁਲਿਸ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹੁਣ ਸੂਬੇ ਵਿੱਚ ਵਿਧਾਇਕ ਵੀ ਸੁਰੱਖਿਅਤ ਨਹੀਂ ਹਨ, ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ? ਸੋਮਵਾਰ ਨੂੰ ਭਾਜਪਾ ਨੇਤਾਵਾਂ ਨੇ ਮਲੋਟ ਬੰਦ (Malout Bandh) ਕਰਨ ਦਾ ਸੱਦਾ ਦਿੱਤਾ ਅਤੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਮੁਕਤਸਰ ਪੁਲਿਸ ਨੇ ਮਲੋਟ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਹੋਏ ਹਮਲੇ ਦੇ ਮਾਮਲੇ ਵਿੱਚ ਐਤਵਾਰ ਨੂੰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 5 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਐਸਪੀ ਮੁਕਤਸਰ ਡੀ ਸੁਦਰਵੀ ਨੇ ਦੱਸਿਆ ਕਿ ਵੀਡੀਓ ਫੁਟੇਜ ਦੀ ਸਹਾਇਤਾ ਨਾਲ ਮੁਕਤਸਰ ਪੁਲਿਸ ਨੇ ਇਸ ਕੇਸ ‘ਚ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ 23 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ।