ਕੋਵਿਡ-19 ਮਹਾਂਮਾਰੀ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ’ਚ ਰੱਖਿਆ ਗਿਆ ਇਕ ਘੰਟੇ ਦਾ ਮੌਨ

0
110

ਜਲੰਧਰ 27 ਮਾਰਚ  (ਰਮੇਸ਼ ਗਾਬਾ)  ਜ਼ਿਲ੍ਹੇ ਵਿੱਚ ਕੋਵਿਡ-19 ਕਾਰਨ ਜਾਨਾਂ ਗੁਆਉਣ ਵਾਲਿਆ ਨੂੰ ਸਰਧਾਂਜ਼ਲੀ ਦੇਣ ਲਈ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਘੰਟੇ ਦਾ ਮੌਨ ਵਰਤ ਰੱਖਿਆ ਗਿਆ। ਸਵੇਰੇ 11 ਵਜੇ ਬਿਗੁਲ ਵੱਜਣ ਦੇ ਨਾਲ ਹੀ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਦੀ ਮੌਜੂਦਗੀ ਵਿੱਚ ਇਕ ਘੰਟੇ ਦਾ ਮੌਨ ਰੱਖਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਨਾਂ ਲੋਕਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ ਨੂੰ ਸਰਧਾਂਜ਼ਲੀਆਂ ਦੇਣ ਲਈ ਹਰ ਸ਼ਨੀਵਾਰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਇਕ ਘੰਟੇ ਦਾ ਮੌਨ ਵਰਤ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਕੰਪਲੈਕਸ ਵਿਖੇ ਮੌਜੂਦ ਸਨ ਅਤੇ ਸਾਈਰਨ ਵੱਜਦੇ ਹੀ ਕੋਵਿਡ-19 ਵਾਇਰਸ ਕਰਕੇ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਵਿੱਚ ਇਕ ਘੰਟੇ ਦਾ ਮੌਨ ਰੱਖਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਵਿਸ਼ਵ ਵਿੱਚ ਇਸ ਕੋਵਿਡ ਮਹਾਂਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਗਈਆਂ ਹਨ ਤੇ ਵਾਇਰਸ ਦਾ ਖ਼ਤਰਾ ਅਜੇ ਵੀ ਸਾਡੇ ਸਭ ਤੇ ਮੰਡਰਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਵੈਕਸੀਨ ਲਗਾਉਣ ਤੋਂ ਬਾਅਦ ਲੋਕ ਇਸ ਵਾਇਰਸ ਦੇ ਬੁਰੇ ਪ੍ਰਭਾਵ ਤੋਂ ਬਚੇ ਰਹਿਣਗੇ ਕਿਉਂਕਿ ਕੋਵਿਡ ਵੈਕਸੀਨ ਲੱਗਣ ਤੋਂ ਬਾਅਦ ਉਨਾਂ ਦੀ ਰੋਗਾਂ ਨਾਲ ਲੜਕ ਦੀ ਪ੍ਰਤੀਰੋਧਕ ਸਮਰੱਥਾ ਬਹੁਤ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਵਲੋਂ ਇਸ ਮੌਕੇ ਕੋਵਿਡ ਵਾਇਰਸ ਤੋਂ ਬਚਾਅ ਲਈ ਕੋਵਿਡ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਬਰਕਰਾਰ ਰੱਖਣ, ਹੱਥ ਧੋਣਾ ਆਦਿ ਦੀ ਪਾਲਣਾ ’ਤੇ ਵੀ ਜ਼ੋਰ ਦਿੱਤਾ ਗਿਆ।