ਬੇਟਾ ਕਿਸਾਨ ਅੰਦੋਲਨ ‘ਚ ਗਿਆ ਤਾਂ ਪਿਓ ਨੇ ਕੀਤਾ ਜਾਇਦਾਦ ‘ਚੋਂ ਬੇਦਖਲ

0
64

ਹਮੀਰਪੁਰ (TLT): ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਜਾਣ ਕਰਕੇ ਪੁੱਤਰ ਤੋਂ ਉਸ ਦੀ ਪਿਓ ਨਾਰਾਜ਼ ਹੋ ਗਿਆ। ਨਾਰਾਜ਼ ਪਿਓ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ, ਉਸ ਨੇ ਅੰਦੋਲਨ ‘ਚ ਪੁੱਤਰ ਦੀ ਸ਼ਮੂਲੀਅਤ ਕਰਕੇ ਆਪਣੇ ਬੇਟੇ ਨੂੰ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ।

ਦੱਸ ਦਈਏ ਕਿ ਇਹ ਹੁਣ ਤਕ ਦਾ ਅਜਿਹਾ ਪਹਿਲਾ ਮਾਮਲਾ ਹੈ ਜਿੱਥੇ ਕਿਸੇ ਪਿਓ ਨੇ ਕਿਸਾਨਾਂ ਦਾ ਸਾਥ ਦੇਣ ਕਰਕੇ ਆਪਣੇ ਬੇਟੇ ਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਹੋਵੇ। ਜਾਣਕਾਰੀ ਮੁਤਾਬਕ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਜਮਾਲੀ ਪਿੰਡ ਦਾ ਹੈ। ਜਿੱਥੇ ਦੇ ਇੱਕ ਸਾਬਕਾ ਸਿਪਾਹੀ ਅਜਮੇਰ ਸਿੰਘ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਉਸ ਦਾ ਇਕਲੌਤਾ ਪੁੱਤਰ ਪਰਮਜੀਤ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਫਸਲ ਬੀਜੀ ਹੈ। ਘਰ ਬੈਠ ਕੇ ਮੁਫਤ ਖਾਣਾ ਖਾਂਦਾ ਹੈ।

ਸਾਬਕਾ ਸਿਪਾਹੀ ਨੇ ਇਸ ਅੰਦੋਲਨ ਨੂੰ ਗਲਤ ਦੱਸਦਿਆਂ, ਦਿੱਲੀ ਪੁਲਿਸ ਨੂੰ ਅਪੀਲ ਕੀਤੀ ਕਿ ਅੰਦੋਲਨ ਵਿਚ ਸ਼ਾਮਲ ਮੇਰੇ ਗੱਦਾਰ ਬੇਟੇ ਨੂੰ ਮਾਰ ਕੇ ਹੱਡੀਆਂ ਤੋੜ ਦਿੱਤੀਆਂ ਜਾਣ। ਅਜਮੇਰ ਸਿੰਘ ਸਾਲ 2005 ਵਿੱਚ ਭਾਰਤੀ ਫੌਜ ਤੋਂ ਸੇਵਾਮੁਕਤ ਹੋਇਆ ਸੀ। ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਵਿੱਚ ਇੱਕ ਦੁਕਾਨ ਚਲਾਉਂਦਾ ਹੈ ਤੇ ਖੇਤੀ ਕਰਦਾ ਹੈ।

ਪਰਮਜੀਤ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ, ਜਿਸ ਦਾ ਵਿਆਹ ਹੋਇਆ ਹੈ। ਨੂੰਹ ਤੇ ਪੋਤੀ ਘਰ ਵਿੱਚ ਹਨ, ਜਦੋਂਕਿ ਬੇਟਾ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਤਿੰਨ-ਚਾਰ ਦਿਨ ਪਹਿਲਾਂ ਦਿੱਲੀ ਪਹੁੰਚਿਆ ਸੀ। ਇੱਕ ਸਥਾਨਕ ਚੈਨਲ ‘ਤੇ ਇੰਟਰਵਿਊ ‘ਚ ਪਰਮਜੀਤ ਨੇ ਕਿਸਾਨ ਅੰਦੋਲਨ ਨੂੰ ਜਾਇਜ਼ ਠਹਿਰਾਇਆ ਤੇ ਚੈਨਲ ‘ਤੇ ਹੀ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਵੇਖ ਕੇ ਅਜਮੇਰ ਸਿੰਘ ਗੁੱਸੇ ਵਿੱਚ ਆ ਗਿਆ। ਹੁਣ ਉਸ ਨੇ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ।