49 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਡੇਅਰੀ ਦਾ ਕਰਦਾ ਸੀ ਕੰਮ

0
50

ਲੁਧਿਆਣਾ (TLT) ਰਾਏਕੋਟ ਦੇ ਪਿੰਡ ਬੜੂੰਦੀ ਵਿਖੇ ਬੁੱਧਵਾਰ ਸੇਵਰੇ 6 ਵਜੇ ਦੇ ਕਰੀਬ 49 ਸਾਲਾਂ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਉਰਫ ਜਿੰਦਰ (49) ਪੁੱਤਰ ਮੇਜ਼ਰ ਸਿੰਘ ਵਜੋਂ ਹੋਈ ਹੈ। ਇਹ ਵਿਅਕਤੀ ਖੇਤੀਬਾੜੀ ਦੇ ਨਾਲ-ਨਾਲ ਪਿੰਡ ਵਿੱਚ ਦੁੱਧ ਦੀ ਡੇਅਰੀ ਚਲਾਉਂਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ 5.55 ਦੇ ਕਰੀਬ ਪਿੰਡ ਰਸੂਲਪੁਰ ਦੇ ਰਾਸਤੇ ‘ਤੇ ਸਥਿਤ ਫਾਰਮ ਹਾਊਸ ਨੂੰ ਆਪਣੇ ਸਕੂਟਰ ‘ਤੇ ਜਾ ਰਿਹਾ ਸੀ ਪਰ ਜਦੋਂ ਉਹ ਨਾਨਕਸਰ ਠਾਠ ਤੋਂ ਥੋੜ੍ਹੀ ਦੂਰੀ ‘ਤੇ ਗਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਇਸ ਮੌਕੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਮ੍ਰਿਤਕ ਦੇ ਮੂੰਹ ਤੇ ਅੱਖਾਂ ਵਿੱਚ ਪਹਿਲਾਂ ਮਿਰਚਾਂ ਦਾ ਪਾਊਂਡਰ ਪਾਇਆ ਤੇ ਫਿਰ ਤੇਜਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਸਰੀਰ ਤੇ ਚਿਹਰੇ ਨੂੰ ਬੜੀ ਬੁਰੀ ਤਰ੍ਹਾਂ ਵੱਢਿਆ ਹੋਇਆ ਸੀ।

ਮ੍ਰਿਤਕ ਦੇ ਛੋਟੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰੋਜ਼ਾਨਾ ਦੀ ਤਰ੍ਹਾਂ ਫਾਰਮ ਹਾਉਸ ‘ਤੇ ਗਿਆ ਸੀ ਤਾਂ ਸਾਨੂੰ ਕੁਝ ਵਿਅਕਤੀਆਂ ਨੇ ਦੱਸਿਆ ਕਿ ਤੁਹਾਡੇ ਭਰਾ ਦਾ ਐਕਸੀਡੈਂਟ ਹੋ ਗਿਆ ਤੇ ਉਹ ਜ਼ਖ਼ਮੀ ਹੋ ਗਿਆ। ਇਸ ‘ਤੇ ਉਹ ਰਜਿੰਦਰ ਨੂੰ ਚੁੱਕ ਕੇ ਘਰ ਲੈ ਗਏ ਪਰ ਉਦੋਂ ਤਕ ਉਸ ਦੀ ਮੌਤ ਹੋ ਗਈ ਸੀ।

ਮ੍ਰਿਤਕ ਦੇ ਭਰਾ ਨੇ ਇਸ ਦੀ ਸੂਚਨਾ ਪੁਲਿਸ ਚੌਕੀ ਲੋਹਟਬੱਦੀ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਫੋਰਸ ਘਟਨਾ ਸਥਾਨ ‘ਤੇ ਪਹੁੰਚੇ, ਉੱਥੇ ਫੋਰੈਂਸਿੰਗ ਟੀਮ ਅਤੇ ਡੌਗ ਸਕੁਐਡ ਬੁਲਾ ਕੇ ਬਾਰੀਕੀ ਨਾਲ ਜਾਂਚ ਕੀਤੀ। ਮੌਕੇ ‘ਤੇ ਗੱਲਬਾਤ ਕਰਦਿਆਂ ਰਾਜਬੀਰ ਸਿੰਘ (ਐਸਪੀ ਆਈਬੀਪੀ) ਨੇ ਕਿਹਾ ਕਿ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਹਰ ਪਹਿਲੂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਕਿਸਮ ਦੀ ਰੰਜਿਸ਼ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।