ਲਾਪਤਾ ਤੇ ਜੇਲ੍ਹ ‘ਚ ਬੰਦ ਕਿਸਾਨਾਂ ਲਈ ਕੇਜਰੀਵਾਲ ਨੂੰ ਮਿਲਿਆ ਸੰਯੁਕਤ ਕਿਸਾਨ ਮੋਰਚਾ, ਰੱਖੀਆਂ ਇਹ ਮੰਗਾਂ

0
75

ਸੰਯੁਕਤ ਕਿਸਾਨ ਮੋਰਚਾ ਦਾ ਇੱਕ ਅੱਜ ਵਫਦ ਦਿੱਲੀ ਜੇਲ੍ਹ ‘ਚ ਬੰਦ ਅੰਦੋਲਨਕਾਰੀਆਂ ਦੀ ਰਿਹਾਈ ਤੇ ਗੁੰਮ ਹੋਏ ਨੌਜਵਾਨਾਂ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗੁੰਮ ਹੋਏ 29 ਨੌਜਵਾਨਾਂ  ਦੀ ਸੂਚੀ ਮੁੱਖ ਮੰਤਰੀ ਨੂੰ ਸੌਪੀ ਤੇ ਜੇਲ੍ਹ ‘ਚ ਬੰਦ ਅੰਦੋਲਨਕਾਰੀਆਂ ਨੂੰ ਜੇਲ੍ਹ ਵਿੱਚ ਸਭ ਮਾਨਵੀ ਸਹੂਲਤਾਂ  ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਮੈਡੀਕਲ ਬੋਰਡ ਬਣਾਉਣ ਦੀ ਮੰਗ ਕਰਦਿਆਂ ਕਿਹਾ ਕੇ ਜਾਂਚ ਹੋਣੀ ਚਾਹੀਦੀ ਤਾਂ ਜੋ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਦਾ ਪਤਾ ਲੱਗ ਸਕੇ।

ਮੋਰਚੇ ਦੇ ਆਗੂਆਂ ਨੇ ਸਮੁੱਚੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਤਾਂ ਜੋ 26 ਜਨਵਰੀ ਸਾਜਿਸ਼ ਸਭ ਦੇ ਸਾਹਮਣੇ ਆ ਸਕੇ। ਕਿਸਾਨ ਆਗੂਆਂ ਨੇ ਕਿਹਾ ਕੇ ਕਿਸਾਨਾਂ ਦੇ ਟਰੈਕਟਰ ਤੇ ਹੋਰ ਵਹੀਕਲ ਉਨ੍ਹਾਂ ਨੂੰ ਜਲਦੀ ਵਾਪਿਸ ਮਿਲਣੇ ਚਾਹੀਦੇ ਹਨ। ਕੇਜਰੀਵਾਲ ਨੇ ਭਰੋਸਾ ਦਿੰਦਿਆਂ ਕਿਹਾ ਕੇ ਜੇਲ੍ਹ ਉਨ੍ਹਾਂ ਦੀ ਸਰਕਾਰ ਦੇ ਅਧੀਨ ਹੈ ਤੇ ਉਹ ਜੇਲ੍ਹ ‘ਚ ਬੰਦ ਅੰਦੋਲਨਕਾਰੀਆਂ ਨੂੰ ਕਿਸੇ ਪਾਸਿਓ ਪਰੇਸ਼ਾਨੀ ਨਹੀਂ ਆਉਣ ਦੇਣਗੇ।

ਦਿੱਲੀ ਸਰਕਾਰ ਨੇ ਕਿਸਾਨ ਆਗੂਆਂ ਨੂੰ 115 ਲੋਕਾਂ ਦੀ ਸੂਚੀ ਵੀ ਦਿੱਤੀ ਜੋ ਤਿਹਾੜ ਜੇਲ੍ਹ ‘ਚ ਬੰਦ ਹਨ। ਕੇਜਰੀਵਾਲ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕੇ ਜੋ ਮਾਮਲੇ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ ‘ਚ ਨਹੀ ਹਨ ਉਸ ਬਾਰੇ ਉਹ ਦੇ ਦੇਸ਼ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ ਚਿੱਠੀ ਲਿਖਣਗੇ ਤੇ ਇੰਟਰਨੈਟ ਨੂੰ ਵੀ ਫੌਰੀ ਚਾਲੂ  ਕਰਨ ਦੀ ਮੰਗ ਕਰਨਗੇ। ਸੰਯੁਕਤ ਕਿਸਾਨ ਮੋਰਚੇ ਨੇ ਜੇਲ੍ਹ ‘ਚ ਬੰਦ ਤੇ ਗੁੰਮ ਹੋਏ ਨੌਜਵਾਨਾਂ ਦੀ ਮੁਫਤ ਕਾਨੂੰਨੀ ਸਹਾਇਤਾ ਤੇ ਹਰ ਪੱਖੋ ਮਦਦ ਕਰਨ ਦਾ ਪਹਿਲਾਂ ਹੀ ਅੇੈਲਾਨ ਕੀਤਾ ਹੋਇਆ ਹੈ।