ਇਜ਼ਰਾਈਲ ਅੰਬੈਸੀ ਨੇੜੇ ਹੋਏ ਧਮਾਕੇ ‘ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ, ਮੌਕੇ ਤੋਂ ਇੱਕ ਪੱਤਰ ਵੀ ਬਰਾਮਦ

0
81

ਨਵੀਂ ਦਿੱਲੀ: ਇਜ਼ਰਾਈਲ ਅੰਬੈਸੀ ਦੇ ਨੇੜੇ 29 ਜਨਵਰੀ ਨੂੰ ਹੋਏ ਧਮਾਕੇ ਮਗਰੋਂ ਦਿੱਲੀ ਨੇ ਦੋ ਅਣਪਛਾਤਿਆਂ ਖਿਲਾਫ ਐਕਸਪਲੋਸਿਵ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਹੈ।ਜਿਸ ਵਿਚ ਦਿਖਾਇਆ ਗਿਆ ਹੈ ਕਿ ਇਕ ਕੈਬ ਦੋ ਵਿਅਕਤੀਆਂ ਨੂੰ ਇਜ਼ਰਾਈਲ ਅੰਬੈਸੀ ਦੇ ਨੇੜੇ ਉਤਾਰ ਕੇ ਜਾ ਰਹੀ ਹੈ ਜਿੱਥੇ ਧਮਾਕਾ ਹੋਇਆ।

ਪੁਲਿਸ ਨੇ ਕੈਬ ਡਰਾਈਵਰ ਨਾਲ ਸੰਪਰਕ ਕੀਤਾ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਸਕੈਚ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੂੰ ਧਮਾਕੇ ਵਾਲੀ ਥਾਂ ਤੋਂ ਇੱਕ ਪੱਤਰ ਵੀ ਪ੍ਰਾਪਤ ਹੋਇਆ ਹੈ ਜਿਸ ਵਿੱਚ ਇਹ ਲਿਖਿਆ ਹੈ ਕਿ “ਇਹ ਤਾਂ ਅਜੇ ਟ੍ਰੇਲਰ ਹੈ।”

ਦਿੱਲੀ ‘ਚ ਇਜ਼ਰਾਇਲ ਅੰਬੈਸੀ ਦੇ ਬਾਹਰ ਹੋਏ ਬਲਾਸਟ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮ ਬੈਠਕ ਲਈ। ਅਮਿਤ ਸ਼ਾਹ ਦੇ ਨਾਲ ਹੋਈ ਇਸ ਬੈਠਕ ‘ਚ ਸੁਰੱਖਿਆ ਤੇ ਖੁਫੀਆ ਏਜੰਸੀਆਂ ਦੇ ਆਹਲਾ ਅਧਿਕਾਰੀ ਮੌਜੂਦ ਰਹੇ। ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿੱਚ ਜਲਦ ਆਪਣੀ ਤਫਤੀਸ਼ ਪੂਰੀ ਕਰਨ ਦੇ ਹੁਕਮ ਮਿਲੇ ਹਨ। ਇਸ ਦੇ ਨਾਲ ਹੀ ਖੁਫੀਆ ਏਜੰਸੀਆਂ ਨੂੰ ਹਰ ਸੰਭਵ ਮਦਦ ਦਿੱਲੀ ਪੁਲਿਸ ਨੂੰ ਮੁਹੱਈਆ ਕਰਾਉਣ ਦੇ ਹੁਕਮ ਵੀ ਦਿੱਤੇ ਗਏ।