ਪ੍ਰਵਾਸੀ ਪੰਛੀਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਦੋ ਕਾਬੂ

0
95

ਹਰੀਕੇ ਪੱਤਣ, 28 ਜਨਵਰੀ (TLT)- ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਜੰਗਲੀ ਜੀਵ ਅਤੇ ਵਣ ਵਿਭਾਗ ਹਰੀਕੇ ਨੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਡੀ. ਐਫ. ਓ. ਨਲਿਨ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਭਾਗ ਦੀ ਟੀਮ ਵਣ ਗਾਰਡ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਹਰੀਕੇ ਝੀਲ ਦੇ ਮੰਡ ਕੰਬੋਅ ਬੀਟ ‘ਚ ਗਸ਼ਤ ਕਰ ਰਹੀ ਸੀ ਕਿ ਸਤਲੁਜ ਦਰਿਆ ਦੇ ਕਿਨਾਰੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ, ਜਿਹੜੇ ਵਿਭਾਗ ਦੀ ਟੀਮ ਨੂੰ ਦੇਖ ਕੇ ਭੱਜਣ ਲੱਗੇ। ਉਨ੍ਹਾਂ ਦੱਸਿਆ ਕਿ ਕਾਬੂ ਕਰ ਕੇ ਤੋੜੇ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 8 ਮਰੀ ਹਾਲਤ ‘ਚ ਪ੍ਰਵਾਸੀ ਪੰਛੀ ਗੀਜ ਬਰਾਮਦ ਹੋਏ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਬੱਗਾ ਸਿੰਘ ਅਤੇ ਬਲਕਾਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਭੂਪੇ ਵਾਲਾ ਥਾਣਾ ਮੱਖੂ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ। ਕਾਬੂ ਕੀਤੇ ਦੋਵਾਂ ਵਿਅਕਤੀਆਂ ਦੇ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ 1972 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।