ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (TLT)- ਪੰਜਾਬ ਦੀਆਂ ਸੜਕਾਂ ‘ਤੇ ਕੇਸਰੀ, ਤਿਰੰਗੇ ਅਤੇ ਕਿਸਾਨੀ ਝੰਡੇ ਨਾਲ ਸ਼ਿੰਗਾਰੇ ਟਰੈਕਟਰ-ਟਰਾਲੀਆਂ ਵਿਖਾਈ ਦੇ ਰਹੇ ਹਨ। ਪੂਰੀ ਤਿਆਰੀ ਨਾਲ ਕਿਸਾਨ ਗਣਤੰਤਰ ਦਿਵਸ ‘ਤੇ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ ਮਾਰਚ ਵਿਚ ਸ਼ਾਮਿਲ ਹੋਣ ਲਈ ਕੂਚ ਕਰ ਰਹੇ ਹਨ। ਕਿਸਾਨਾਂ ਵਿਚ ਇਸ ਟਰੈਕਟਰ ਪਰੇਡ ਮਾਰਚ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਕਿਸਾਨਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਿਚ ਜੋਸ਼ ਹੈ ਅਤੇ ਉਹ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਦਿੱਲੀ ਵਿਖੇ ਵਿਲੱਖਣ ਪਰੇਡ ਵੇਖਣ ਨੂੰ ਮਿਲੇਗੀ, ਜਿਸ ‘ਚ ਵੱਖ-ਵੱਖ ਸ਼ਾਮਿਲ ਝਾਕੀਆਂ ਸਭ ਨੂੰ ਆਕਰਸ਼ਿਤ ਕਰਨਗੀਆਂ।