ਧੁੰਦ ‘ਚ ਬਿਨਾਂ ਰਿਫਲੈਕਟਰ ਵਾਲੇ ਵਾਹਨ ਬਣ ਰਹੇ ਨੇ ਹਾਦਸਿਆਂ ਦਾ ਕਾਰਨ

0
141

ਜਲੰਧਰ (ਰਮੇਸ਼ ਗਾਬਾ)ਪਿਛਲੇ ਦੋ ਕੁ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਅਸਤ ਵਿਅਸਤ ਕਰ ਦਿੱਤਾ ਹੈ ਤੇ ਸ਼ਾਮ ਸਮੇਂ ਹੀ ਇਕ ਤਰ੍ਹਾਂ ਨਾਲ ਹਨ੍ਹੇਰਾ ਛਾ ਜਾਂਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ‘ਤੇ ਪੁੱਜਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦਿਨ ਸਮੇਂ ਹੀ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਅਤੇ ਪਾਰਕਿੰਗ ਲਾਈਟਸ ਜਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਕਾਫੀ ਵਾਹਨਾਂ ਪਿੱਛੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਾਦਸਿਆਂ ਦਾ ਡਰ ਵੀ ਬਣਿਆ ਹੋਇਆ ਹੈ | ਧੁੰਦ ਕਾਰਨ ਕੇਵਲ ਕੁੱਝ ਕੁ ਫੁੱਟ ਤੱਕ ਹੀ ਅਗਲਾ ਵਾਹਨ ਬੜੀ ਮੁਸ਼ਕਿਲ ਨਾਲ ਦਿਖਾਈ ਦਿੰਦਾ ਹੈ ਤੇ ਅਜਿਹੇ ‘ਚ ਜੇਕਰ ਵਾਹਨ ਦੇ ਪਿੱਛੇ ਰਿਫਲੈਕਟਰ ਨਾ ਲੱਗਾ ਹੋਵੇ ਤਾਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਲਾਈਟਸ ਲੱਗੀਆਂ ਹੋਣ ਕਾਰਨ ਬੇਸ਼ੱਕ ਕੁਝ ਹੱਦ ਤੱਕ ਵਾਹਨ ਚਾਲਕਾਂ ਨੂੰ ਅੱਗੇ ਵਧਣਾ ਸੌਖਾ ਹੁੰਦਾ ਹੈ, ਪਰ ਬਾਹਰੀ ਖੇਤਰਾਂ ‘ਚ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ ਤੇ ਧੁੰਦ ਦੇ ਵੀ ਸੰਘਣੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਸ਼ਾਮ ਸਮੇਂ ਛਾਈ ਸੰਘਣੀ ਧੁੰਦ ਕਾਰਨ ਜਿਥੇ ਵਾਹਨ ਆਪਣੀਆਂ ਅਗਲੀਆਂ ਲਾਈਟਾਂ ਜਗਾ ਕੇ ਚੱਲ ਰਹੇ ਸਨ, ਉਥੇ ਬਹੁਤੇ ਵਾਹਨਾਂ ਦੇ ਪਿਛੇ ਰਿਫਲੈਕਟਰ ਨਾ ਲੱਗੇ ਹੋਣ ਹਾਦਸੇ ਹੋਣ ਦਾ ਡਰ ਲਗਾਤਾਰ ਬਣਿਆ ਰਿਹਾ | ਸ਼ਹਿਰ ‘ਚ ਸ਼ਰੇਆਮ ਚੱਲਦੀਆਂ ਨਾਜਾਇਜ਼ ਟਰੈਕਟਰ ਟਰਾਲੀਆਂ ‘ਚੋਂ ਜ਼ਿਆਦਾਤਰ ਟਰਾਲੀਆਂ ਦੇ ਪਿੱਛੇ ਕੋਈ ਰਿਫਲੈਕਟਰ ਨਹੀਂ ਲੱਗਾ ਹੋਇਆ ਹੈ ਤੇ ਸਿੱਤਮ ਜ਼ਰੀਫੀ ਇਹ ਹੈ ਕਿ ਇਹ ਟਰਾਲੀਆਂ ਕੋਈ ਹੁਣ ਨਵੀਆਂ ਨਹੀਂ ਚੱਲਣ ਲੱਗੀਆਂ ਬਲਕਿ ਪਿਛਲੇ ਕਈ ਸਾਲਾਂ ਤੋਂ ਇਸੇ ਹਾਲਤ ‘ਚ ਚੱਲ ਰਹੀਆਂ ਹਨ | ਇਸੇ ਤਰ੍ਹਾਂ ਖੰਡ ਮਿੱਲਾਂ ਸ਼ੁਰੂ ਹੋਣ ਕਾਰਨ ਗੰਨੇ ਨਾਲ ਲੱਦੀਆਂ ਟਰਾਲੀਆਂ ਵੀ ਓਵਰਲੋਡ ਹੋਣ ਕਾਰਨ ਰਿਫਲੈਕਟਰਾਂ ਨੂੰ ਗੰਨਿਆਂ ਨਾਲ ਹੀ ਢਕ ਲੈਂਦੀਆਂ ਹਨ | ਓਧਰ ਟਰੈਫਿਕ ਪੁਲਿਸ ਵਲੋਂ ਬਿਨਾਂ ਹੈਲਮੇਟ ਅਤੇ ਸੀਟ ਬੈਲਟ ਨੂੰ ਲੈ ਕੇ ਤਾਂ ਵਾਹਨ ਚਾਲਕਾਂ ਦੇ ਚਾਲਾਨ ਕੱਟੇ ਜਾਂਦੇ ਹਨ ਪਰ ਪਾਬੰਦੀ ਦੇ ਬਾਵਜੂਦ ਬਿਨਾਂ ਰਿਫਲੈਕਟਰ ਚੱਲ ਰਹੀਆਂ ਵਪਾਰਕ ਵਰਤੋਂ ਵਾਲੀਆਂ ਟਰਾਲੀਆਂ ਖਿਲਾਫ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ |