ਜਲੰਧਰ ਪਹੁੰਚੀਆਂ ਕੋਰੋਨਾ ਦੀਆਂ 16,490 ਖੁਰਾਕਾਂ, 16 ਜਨਵਰੀ ਤੋਂ ਤਿੰਨ ਜਗ੍ਹਾ ਹੋਵੇਗਾ ਟੀਕਾਕਰਨ ਸ਼ੁਰੂ

0
155

ਜਲੰਧਰ, TLT/- ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਮਨਜ਼ੂਰ ਕੀਤੀ ਗਈ ਕੋਵਾਸ਼ੀਲਡ ਦਵਾਈ ਦੀਆਂ ਜਲੰਧਰ ‘ਚ ਅੱਜ 1,649 ਸ਼ੀਸ਼ੀਆਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ‘ਚ ਬਣਾਏ ਕੋਲਡ ਰੂਮ ‘ਚ ਸੁਰੱਖਿਅਤ ਰੱਖ ਲਿਆ ਗਿਆ ਹੈ | ਹਰ ਇਕ ਸ਼ੀਸ਼ੀ 5 ਐੱਮ.ਐੱਲ. ਦੀ ਹੈ, ਜਿਸ ‘ਚ 10 ਖੁਰਾਕਾਂ ਹਨ | ਇਸ ਤਰ੍ਹਾਂ ਜਲੰਧਰ ਕੁੱਲ 16,490 ਖੁਰਾਕਾਂ ਪਹੁੰਚ ਗਈਆਂ ਹਨ | ਇਕ ਵਿਅਕਤੀ ਨੂੰ 2 ਖੁਰਾਕਾਂ ਦਿੱਤੀਆਂ ਜਾਣੀਆਂ ਹਨ | ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਵਲੋਂ ਫਿਲਹਾਲ 3 ਜਗ੍ਹਾ ਸਿਵਲ ਹਸਪਤਾਲ ਜਲੰਧਰ, ਸਿਵਲ ਹਸਪਤਾਲ ਨਕੋਦਰ ਅਤੇ ਸੀ.ਐੱਚ.ਸੀ. ਬਸਤੀ ਗੁਜ਼ਾਂ ‘ਚ 16 ਜਨਵਰੀ ਤੋਂ ਪਹਿਲੇ ਪੜਾਅ ਦਾ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ | ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਸੋਮਵਾਰ ਨੂੰ ਬਾਕੀ ਬਣਾਏ ਕੇਂਦਰਾਂ ‘ਚ ਵੀ ਟੀਕਾਕਰਨ ਸ਼ੁਰੂ ਹੋ ਜਾਵੇਗਾ |
ਹਰ ਲਾਭਪਾਤਰੀ ਨੂੰ 28 ਦਿਨ ਬਾਅਦ ਲੱਗੇਗੀ ਦੂਸਰੀ ਖੁਰਾਕ
ਪਹਿਲੇ ਪੜਾਅ ਤਹਿਤ 11,800 ਸਿਹਤ ਵਰਕਰਾਂ ਨੂੰ ਟੀਕੇ ਲਗਾਏ ਜਾਣੇ ਹਨ, ਜਿਸ ਸਬੰਧੀ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਜਿਨ੍ਹਾਂ ਵਿਅਕਤੀਆਂ ਨੂੰ 16 ਜਨਵਰੀ ਨੂੰ ਟੀਕੇ ਲਗਾਏ ਜਾਣੇ ਹਨ, ਉਨ੍ਹਾਂ ਨੂੰ 28 ਦਿਨਾਂ ਬਾਅਦ ਇਕ ਹੋਰ ਖੁਰਾਕ ਦਿੱਤੀ ਜਾਣੀ ਹੈ | ਇਸ ਤੋਂ ਬਾਅਦ ਉਸ ਵਿਅਕਤੀ ਦੇ ਸਰੀਰ ਅੰਦਰ ਕੋਰੋਨਾ ਵਾਇਰਸ ਨਾਲ ਲੜਨ ਦੀ ਸ਼ਕਤੀ ਬਣ ਜਾਵੇਗੀ |
ਡੀ.ਸੀ. ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਜ਼ਿਲ੍ਹੇ ‘ਚ ਟੀਕਾਕਰਨ ਲਈ 29 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ‘ਚ ਵੱਖ-ਵੱਖ ਕਮਿਉਨਿਟੀ ਸਿਹਤ ਕੇਂਦਰ, ਮੁੱਢਲੇ ਸਿਹਤ ਕੇਂਦਰ, ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਪੱਧਰ ਦੇ ਹਸਪਤਾਲ ਅਤੇ ਕੁਝ ਨਿੱਜੀ ਹਸਪਤਾਲ ਸ਼ਾਮਲ ਹਨ | ਇਨ੍ਹਾਂ ‘ਚ ਕੋਰੋਨਾ ਟੀਕਾਕਰਨ ਦੀ ਮੁਹਿੰਮ ਤਹਿਤ ਟੀਕੇ ਲਗਾਏ ਜਾਣਗੇ | ਜਲੰਧਰ ਦੇ ਡੀ.ਸੀ. ਘਨਸ਼ਿਆਮ ਥੋਰੀ ਨੇ ਅੱਜ ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲ੍ਹਾ ਟੀਕਾ ਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਤੋਂ ਇਲਾਵਾ ਜ਼ਿਲ੍ਹੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਟੀਕਾਕਰਨ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਡੀ.ਸੀ. ਸ੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹੇ ‘ਚ 12 ਲੱਖ ਵੈਕਸੀਨ ਦਾ ਭੰਡਾਰ ਕਰਨ ਲਈ 57 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ, ਜਿਨ੍ਹਾਂ ‘ਚ 11 ਪੁਆਇੰਟਾਂ (ਅੱਠ ਪੇਂਡੂ ਅਤੇ ਤਿੰਨ ਸ਼ਹਿਰੀ) ਨੂੰ ਵੈਕਸੀਨ ਦੇ ਭੰਡਾਰ ਲਈ ਵਰਤਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਵਿਰੁੱਧ 29 ਥਾਵਾਂ ‘ਤੇ ਟੀਕਾਕਰਨ ਲਈ 31 ਸਿਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ | ਹਰੇਕ ਟੀਮ ਨੂੰ 100 ਲਾਭਪਾਤਰੀਆਂ ਦੇ ਟੀਕਾ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ |
ਕੋਰੋਨਾ ਪ੍ਰਭਾਵਿਤ 70 ਸਾਲ ਦੇ ਵਿਅਕਤੀ ਦੀ ਮੌਤ, 34 ਮਰੀਜ਼ ਹੋਰ ਮਿਲੇ