ਬੀਜੇਪੀ ਸਰਕਾਰ ਦੇ ਦੋਹਰੇ ਮਾਪਦੰਡ! ਜਨਤਾ ਨੂੰ ਬਾਈਕਾਟ ਲਈ ਉਕਸਾਇਆ, ਖੁਦ ਚੀਨੀ ਕੰਪਨੀ ਨੂੰ ਦਿੱਤਾ ਰੇਲ ਪ੍ਰੋਜੈਕਟ ਦਾ ਠੇਕਾ

0
116

ਲਖਨਾਊ (tlt) ਬੀਜੇਪੀ ਸਰਕਾਰ ਦੇ ਦੋਹਰੇ ਮਾਪਦੰਡ ਸਾਹਮਣੇ ਆਏ ਹਨ। ਬੀਜੇਪੀ ਲੀਡਰ ਜਨਤਾ ਨੂੰ ਚੀਨੀ ਸਾਮਾਨ ਤੇ ਐਪ ਆਦਿ ਦੇ ਬਾਈਕਾਟ ਲਈ ਉਕਸਾ ਰਹੇ ਹਨ ਪਰ ਦੂਜੇ ਪਾਸੇ ਸਰਕਾਰੀ ਸੰਸਥਾਨਾਂ ਨੇ ਨਿਰਮਾਣ ਕਾਰਜਾਂ ਲਈ ਚੀਨੀ ਕੰਪਨੀ ਨੂੰ ਠੇਕਾ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਤੋਂ ਮੇਰਠ ਵਿਚਕਾਰ ਉਸਾਰੀ ਅਧੀਨ ਖੇਤਰੀ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਪ੍ਰੋਜੈਕਟ ’ਚ ਜ਼ਮੀਨਦੋਜ਼ ਸੁਰੰਗ ਬਣਾਉਣ ਦਾ ਠੇਕਾ ਚੀਨੀ ਕੰਪਨੀ ਨੂੰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਉੱਤੇ ਸਰਕਾਰੀ ਸੰਸਥਾਨਾਂ ਦੇ ਇਸ ਫ਼ੈਸਲੇ ਦੀ ਆਲੋਚਨਾ ਹੋ ਰਹੀ ਹੈ।

ਰਾਸ਼ਟਰੀ ਰਾਜਧਾਨੀ ਖੇਤਰ ਟ੍ਰਾਂਸਪੋਰਟ ਕਾਰਪੋਰੇਸ਼ਨ (NCRTC) ਨੇ ਸ਼ੰਘਾਈ ਟਨਲ ਇੰਜਨੀਅਰਿੰਗ ਕੰਪਨੀ ਲਿਮਿਟੇਡ ਨੂੰ ਠੇਕਾ ਸੌਂਪਿਆ ਹੈ। ਚੀਨੀ ਕੰਪਨੀ ਨਿਊ ਅਸ਼ੋਕ ਨਗਰ ਤੋਂ ਸਾਹਿਬਾਬਾਦ ਦੇ ਵਿਚਕਾਰ 5.6 ਕਿਲੋਮੀਟਰ ਲੰਮੀ ਜ਼ਮੀਨਦੋਜ਼ ਸੁਰੰਗ ਦੀ ਉਸਾਰੀ ਕਰਵਾਏਗੀ।

ਦਿੱਲੀ-ਗ਼ਾਜ਼ੀਆਬਾਦ ਮੇਰਠ ਕੌਰੀਡੋਰ ਦੇ ਕੰਮਾਂ ਲਈ ਠੇਕਾ ਦਿੱਤਾ ਗਿਆ ਹੈ। ਐਨਸੀਆਰਟੀਸੀ ਨੇ ਕਿਹਾ ਕਿ ਸਾਰੀਆਂ ਪ੍ਰਕਿਰਿਆਵਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੀਨੀ ਕੰਪਨੀ ਨੂੰ ਇਹ ਠੇਕਾ ਸੌਂਪਿਆ ਗਿਆ ਹੈ। ਐਨਸੀਆਰਟੀਸੀ ਦੇਸ਼ ਦੀ ਪਹਿਲੇ ਖੇਤਰੀ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਦੀ ਉਸਾਰੀ ਕਰਵਾ ਰਿਹਾ ਹੈ।

ਕਈ ਏਜੰਸੀਆਂ ਇਸ ਪ੍ਰੋਜੈਕਟ ਉੱਤੇ ਆਪਣਾ ਧਨ ਲਾ ਰਹੀਆਂ ਹਨ ਤੇ ਠੇਕੇ ਲਈ ਕਈ ਪੱਧਰਾਂ ਉੱਤੇ ਮਨਜ਼ੂਰੀ ਲੈਣੀ ਪੈਂਦੀ ਹੈ। ਐੱਨਸੀਆਰਟੀਸੀ ਦੇ ਬੁਲਾਰੇ ਨੇ ਕਿਹਾ ਕਿ 82 ਕਿਲੋਮੀਟਰ ਲੰਮੇ ਦਿੱਲੀ-ਗ਼ਾਜ਼ੀਆਬਾਦ-ਮੇਰਠ ਕੌਰੀਡੋਰ ਦੇ ਸਾਰੇ ਸਿਵਲ ਕੰਮਾਂ ਲਈ ਠੇਕਾ ਦੇ ਦਿੱਤਾ ਗਿਆ ਹੈ ਤੇ ਉਸਾਰੀ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ।

ਐਨਸੀਆਰਟੀਸੀ ਦੇ ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੀਆਂ ਏਜੰਸੀਆਂ ਵੱਲੋਂ ਬੋਲੀ ਲਾਏ ਜਾਣ ਤੇ ਵੱਖੋ-ਵੱਖਰੇ ਪੱਧਰਾਂ ਉੱਤੇ ਪ੍ਰਵਾਨਗੀ ਲੈਣ ਤੋਂ ਬਾਅਦ ਸੁਰੰਗ ਬਣਾਉਣ ਦਾ ਕੰਮ ਕਿਸ ਕੰਪਨੀ ਨੂੰ ਦੇਣਾ ਹੈ, ਇਹ ਤੈਅ ਹੋਇਆ ਹੈ। ਹੁਣ 82 ਕਿਲੋਮੀਟਰ ਲੰਮੇ ਦਿੱਲੀ-ਗ਼ਾਜ਼ੀਆਬਾਦ-ਮੇਰਠ ਲਾਂਘੇ ਦੇ ਸਮੁੱਚੇ ਕੰਮ ਦੀ ਟੈਂਡਰ ਪ੍ਰਕਿਰਿਆ ਲਗਭਗ ਮੁਕੰਮਲ ਹੋ ਗਈ ਹੈ।