ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕ ਗੰਭੀਰ ਜ਼ਖ਼ਮੀ

0
199

ਤਰਨਤਾਰਨ (TLT) ਥਾਣਾ ਭਿੱਖੀਵਿੰਡ ਅਧੀਨ ਪੈਂਦੇ ਕਸਬਾ ਮਾੜੀ ਬੋਹੜ ਵਾਲੀ ਵਿਖੇ ਅੱਜ ਧੁੰਦ ਕਰਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਛੋਟੇ ਹਾਥੀ ਵਿਚ ਸਵਾਰ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਦੋਂਕਿ ਕਾਰ ਵਿਚ ਸਵਾਰ 5 ਵਿਅਕਤੀਆਂ ਚੋਂ 4 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ‘ਚ ਜ਼ਖ਼ਮੀਆਂ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਅਤੇ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਛੋਟੇ ਹਾਥੀ ਦੇ ਡਰਾਈਵਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਬਾਸਰਕੇ ਤੋਂ ਆਪਣੇ ਵਾਹਨ ਵਿੱਚ ਭਿੱਖੀਵਿੰਡ ਨੂੰ ਜਾ ਰਿਹਾ ਸੀ। ਪਰ ਜਦੋਂ ਉਹ ਮਾੜੀ ਬੋਹੜ ਵਾਲੀ ਦੇ ਨਜ਼ਦੀਕ ਪਹੁੰਚਿਆ ਤਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਹੀ ਕਰੇਟਾ ਕਾਰ ਟੱਰਕ ਨੂੰ ਕਰੋਸ ਕਰਨ ਸਮੇਂ ਉਸ ‘ਚ ਆ ਵੱਜੀ।

ਦੱਸ ਦਈਏ ਕਿ ਇਸ ਹਾਦਸੇ ਕਰਕੇ ਛੋਟਾ ਹਾਥੀ ਪਲਟ ਗਿਆ ਅਤੇ ਉਸ ਵਿਚ ਸਵਾਰ ਸਾਰੇ ਹੀ ਵਿਅਕਤੀ ਗੰਭੀਰ ਜ਼ਖ਼ਮੀ ਹੋਏ। ਉੱਧਰ ਦੂਜੇ ਪਾਸੇ ਕਰੇਟਾ ਕਾਰ ਦੇ ਮਾਲਕ ਡਾ. ਵੇਦ ਪ੍ਰਕਾਸ਼ ਜੋ ਕਿ ਸਿਵਲ ਹਸਪਤਾਲ ਖੇਮਕਰਨ ਵਿਖੇ ਸਰਕਾਰੀ ਮੁਲਾਜ਼ਮ ਹਨ ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਪੰਜ ਵਿਅਕਤੀਆਂ ਚੋਂ ਡਰਾਈਵਰ ਰਣਜੋਧ ਸਿੰਘ ਬੰਟੀ ਗੰਭੀਰ ਜ਼ਖ਼ਮੀ ਹੋਇਆ ਹੈ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਜ਼ੇਰੇ ਇਲਾਜ ਭਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।