ਜਲੰਧਰ ਨੇ ਸੇਵਾ ਕੇਂਦਰਾਂ ‘ਚ ਜ਼ੀਰੋ ਪੈਂਡੈਸੀ ਲਈ ਜਿੱਤਿਆ ਸਕਾਚ ਪੁਰਸਕਾਰ

0
163

ਜਲੰਧਰ, (ਰਮੇਸ਼ ਗਾਬਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਗਰਿਕ ਸੇਵਾਵਾਂ ਵੰਡ ਵਿਚ ਸੁਧਾਰ ਲਈ ਸਕਾਚ ਸਿਲਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਇਕ ਸੁਤੰਤਰ ਸੰਗਠਨ ਵਲੋਂ ਦਿੱਤਾ ਜਾਂਦਾ ਜੋ ਦੇਸ਼ ਵਿਚ ਸਰਵਉੱਚ ਅਤੇ ਰਾਸ਼ਟਰੀ ਪੱਧਰ ਦਾ ਸਨਮਾਨ ਹੈ | ਇਸ ਵਾਰ ਕੋਵਿਡ ਮਹਾਂਮਾਰੀ ਕਾਰਨ ਮੁਕਾਬਲੇ ਦੇ ਸਾਰੇ ਛੇ ਪੜਾਅ ਵਰਚੂਅਲ ਢੰਗ ਨਾਲ ਕਰਵਾਏ ਗਏ, ਜਿਨ੍ਹਾਂ ਵਿਚ ਜਲੰਧਰ ਵਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਆਖ਼ਰੀ ਦੌਰ ਵਿਚ ਪ੍ਰਸ਼ਾਸਨ ਨੂੰ ਪੁਰਸਕਾਰ ਨਾਲ ਨਿਵਾਜਿਆ ਗਿਆ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕਾਚ ਐਵਾਰਡ ਅਧਿਕਾਰੀਆਂ/ਕਰਮਚਾਰੀਆਂ ਦੇ ਸਾਂਝੇ ਯਤਨਾਂ ਸਦਕਾ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਨਿਰਧਾਰਤ ਸਮੇਂ ਦੇ ਅੰਦਰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਲਈ ਸੁਹਿਰਦ ਅਤੇ ਮਿਸਾਲੀ ਉਪਰਾਲੇ ਕੀਤੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜਲੰਧਰ ਦੀ ”ਜ਼ੀਰੋ ਪੈਂਡੈਂਸੀ” ਪਹੁੰਚ ਨੂੰ ਅਪਣਾਇਆ, ਜਿਸ ਲਈ ਤਹਿਸੀਲ ਜਾਂ ਸਬ ਤਹਿਸੀਲ ਪੱਧਰ ‘ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਤਾਂ ਜੋ ਅੰਤਿਮ ਪ੍ਰਵਾਨਗੀ ਤੋਂ ਪਹਿਲਾਂ ਨਾਗਰਿਕ ਦਰਖਾਸਤ ‘ਤੇ ਕਾਰਵਾਈ ਕਰਨ ਵਾਲੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਮ.ਆਈ.ਐਸ) ਰਾਹੀਂ ਹਰ ਦਫ਼ਤਰ ਦੀ ਦਰਖਾਸਤ ਪ੍ਰਕਿਰਿਆ ਸਬੰਧੀ ਕਾਰਗੁਜ਼ਾਰੀ ਦੀ ਰੋਜ਼ਾਨਾਂ ਨਿਗਰਾਨੀ ਕੀਤੀ ਜਾਂਦੀ ਹੈ | ਸ੍ਰੀ ਥੋਰੀ ਨੇ ਕਿਹਾ ਜੇਕਰ ਕੋਈ ਅਰਜ਼ੀ ਪੈਂਡਿੰਗ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਸਬੰਧਿਤ ਅਧਿਕਾਰੀ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਨੋਡਲ ਅਧਿਕਾਰੀ ਸੁਚੇਤ ਹੋ ਜਾਂਦੇ ਹਨ, ਜਿਨ੍ਹਾਂ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਬਿਨੈ-ਪੱਤਰ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ | ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਗਰਿਕਾਂ, ਜਿਨ੍ਹਾਂ ਨੇ ਸੇਵਾ ਕੇਂਦਰ ਦੀਆਂ ਸਹੂਲਤਾਂ ਦੀ ਪਿਛਲੇ ਸੱਤ ਦਿਨਾਂ ਦੇ ਅੰਦਰ ਵਰਤੋਂ ਕੀਤੀ ਹੈ, ਪਾਸੋਂ ਉਨ੍ਹਾਂ ਦੇ ਕੀਮਤੀ ਸੁਝਾਅ ਅਤੇ ਫੀਡ ਬੈਕ ਵੀ ਪ੍ਰਾਪਤ ਕੀਤੇ ਜਾਂਦੇ ਹਨ | ਇਸ ਤੋਂ ਪਹਿਲਾਂ ਜ਼ਿਲ੍ਹਾ ਸੇਵਾ ਵੰਡ ਸੁਧਾਰ ਦੀ ਸ਼੍ਰੇਣੀ ਵਿਚ ਮਿਲਣ ਵਾਲੇ ਪ੍ਰਧਾਨ ਮੰਤਰੀ ਐਵਾਰਡਾਂ ਦੀ ਟਾਪ ਫਾਈਵ ਸੂਚੀ ਵਿਚ ਸੂਬੇ ਵਿਚੋਂ ਪਹਿਲਾ ਅਤੇ ਇਕਮਾਤਰ ਜ਼ਿਲ੍ਹਾ ਸੀ | ਜ਼ੀਰੋ ਪੈਂਡੈਂਸੀ ਅਪਰੋਚ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਵਲੋਂ ਕੀਤੇ ਗਏ ਉਪਰਾਲਿਆਂ ਨੂੰ ਭਾਰਤ ਸਰਕਾਰ ਦੁਆਰਾ ਤਿਆਰ ਕੌਫੀਟੇਬਲ ਬੁੱਕ ਵਿਚ ਦਰਸਾਇਆ ਗਿਆ ਹੈ |