ਕੈਲੀਫੋਰਨੀਆ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਲੱਖ ਪਾਰ

0
163

ਵਾਸ਼ਿੰਗਟਨ (TLT) : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 20 ਲੱਖ ਦੇ ਪਾਰ ਪੁੱਜ ਗਈ ਹੈ। ਇਸ ਅੰਕੜੇ ਨੂੰ ਛੂਹਣ ਵਾਲਾ ਇਹ ਅਮਰੀਕਾ ਦਾ ਪਹਿਲਾ ਸੂਬਾ ਹੈ। ਕੈਲੀਫੋਰਨੀਆ ਸਮੇਤ ਦੇਸ਼ ਭਰ ਵਿਚ ਕੁਲ ਇਕ ਕਰੋੜ 84 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ। ਤਿੰਨ ਲੱਖ 26 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ। ਜੋਹਨ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਅਨੁਸਾਰ ਕੈਲੀਫੋਰਨੀਆ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ 20 ਲੱਖ 10 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਕੁਲ 23 ਹਜ਼ਾਰ 651 ਪੀੜਤਾਂ ਨੇ ਦਮ ਤੋੜਿਆ ਹੈ। ਟੈਕਸਾਸ ਅਤੇ ਫਲੋਰੀਡਾ ਵਿਚ ਵੀ ਵੱਡੀ ਗਿਣਤੀ ਵਿਚ ਕੋਰੋਨਾ ਪ੍ਰਭਾਵਿਤ ਹਨ। ਟੈਕਸਾਸ ਵਿਚ ਕੁਲ 16 ਲੱਖ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ। ਫਲੋਰੀਡਾ ਵਿਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਹੇ ਨਿਊਯਾਰਕ ਸੂਬੇ ਵਿਚ ਪੀੜਤਾਂ ਦੀ ਗਿਣਤੀ 9 ਲੱਖ ਤੋਂ ਜ਼ਿਆਦਾ ਹੋ ਗਈ ਹੈ। ਅਮਰੀਕਾ ‘ਤੇ ਮਹਾਮਾਰੀ ਦੀ ਦੂਜੀ ਲਹਿਰ ਜ਼ਿਆਦਾ ਭਾਰੀ ਪੈ ਰਹੀ ਹੈ। ਇੱਥੇ ਚਾਰ ਨਵੰਬਰ ਤੋਂ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ ਜਦਕਿ ਦੋ ਦਸੰਬਰ ਤੋਂ ਤਕਰੀਬਨ ਹਰ ਰੋਜ਼ ਦੋ ਲੱਖ ਤੋਂ ਜ਼ਿਆਦਾ ਪਾਜ਼ੇਟਿਵ ਕੇਸ ਮਿਲ ਰਹੇ ਹਨ।

ਫਰਾਂਸੀਸੀ ਰਾਸ਼ਟਰਪਤੀ ‘ਚ ਹੁਣ ਇਨਫੈਕਸ਼ਨ ਦੇ ਲੱਛਣ ਨਹੀਂ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚ ਹੁਣ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ। ਉਹ ਵੀਰਵਾਰ ਨੂੰ ਆਈਸੋਲੇਸ਼ਨ ਤੋਂ ਬਾਹਰ ਆ ਗਏ। ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦੀ ਪਿਛਲੇ ਹਫ਼ਤੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 25 ਲੱਖ ਦੇ ਪਾਰ ਪੁੱਜ ਗਈ। ਕੁਲ ਕਰੀਬ 62 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ।

ਰੂਸ : 29 ਹਜ਼ਾਰ 935 ਨਵੇਂ ਮਰੀਜ਼ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 29 ਲੱਖ ਤੋਂ ਜ਼ਿਆਦਾ ਹੋ ਗਿਆ। ਇਸ ਦੇਸ਼ ਵਿਚ ਕੁਲ 53 ਹਜ਼ਾਰ ਤੋਂ ਜ਼ਿਆਦਾ ਦੀ ਕੋਰੋਨਾ ਨਾਲ ਮੌਤ ਹੋਈ ਹੈ।

ਤੁਰਕੀ : ਕਰੀਬ 20 ਹਜ਼ਾਰ ਨਵੇਂ ਕੋਰੋਨਾ ਦੇ ਮਰੀਜ਼ ਮਿਲਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ ਪੁੱਜ ਗਈ ਹੈ। 18 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਨੇ ਦਮ ਤੋੜੇ ਹਨ।

ਇਜ਼ਰਾਈਲ : ਕੋਰੋਨਾ ਨਾਲ ਨਿਪਟਣ ਲਈ ਐਤਵਾਰ ਤੋਂ ਤੀਜੀ ਵਾਰ ਦੇਸ਼-ਪੱਧਰੀ ਲਾਕਡਾਊਨ ਲਗਾਇਆ ਜਾਵੇਗਾ। ਇਸ ਦੌਰ ਦਾ ਲਾਕਡਾਊਨ 14 ਦਿਨਾਂ ਤਕ ਲਾਗੂ ਰਹੇਗਾ।