50 ਲੱਖ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀ ਨਕਦ ਭਰਨਗੇ ਇਕ ਫੀਸਦੀ ਜੀਐੱਸਟੀ

0
84

ਨਵੀਂ ਦਿੱਲੀ TLT/ ਜੀਐੱਸਟੀ ਇਨਵਾਇਸ ਦੇ ਫਰਜ਼ੀਵਾੜੇ ‘ਤੇ ਲਗਾਮ ਲਈ ਕੇਂਦਰੀ ਅਸਿੱਧੇ ਕਰ ਤੇ ਕਸਟਮ ਹੱਦ ਟੈਕਸ ਬੋਰਡ (ਸੀਬੀਆਈਸੀ) ਨੇ ਜੀਐੱਸਟੀ ਭੁਗਤਾਨ ਦੇ ਨਿਯਮ ‘ਚ ਬਦਲਾਅ ਕੀਤਾ ਹੈ। ਹੁਣ 50 ਲੱਖ ਰੁਪਏ ਤੋਂ ਜ਼ਿਆਦਾ ਮਾਸਿਕ ਕਾਰੋਬਾਰ ਕਰਨ ਵਾਲਿਆਂ ਨੂੰ ਘੱਟੋ ਘੱਟ ਇਕ ਫੀਸਦੀ ਜੀਐੱਸਟੀ ਦੇਣਦਾਰੀ ਦਾ ਭੁਗਤਾਨ ਨਕਦ ‘ਚ ਕਰਨਾ ਪਵੇਗਾ। ਪਹਿਲੀ ਜਨਵਰੀ ਤੋਂ ਇਹ ਨਿਯਮ ਲਾਗੂ ਹੋਵੇਗਾ। ਹਾਲੇ ਕਾਰੋਬਾਰੀ ਪੂਰੀ ਦੇਣਦਾਰੀ ਇਨਪੁਟ ਟੈਕਸ ਕ੍ਰੈਡਿਟ ਨਾਲ ਕਰ ਸਕਦੇ ਹਨ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਕ ਫੀਸਦੀ ਜੀਐੱਸਟੀ ਦਾ ਭੁਗਤਾਨ ਨਕਦ ‘ਚ ਕਰਨ ਦੇ ਨਿਯਮ ਨਾਲ ਫਰਜ਼ੀ ਬਿਲਿੰਗ ‘ਤੇ ਲਗਾਮ ਲੱਗੇਗੀ। ਨਿਯਮ ਮੁਤਾਬਕ 50 ਲੱਖ ਤੋਂ ਜ਼ਿਆਦਾ ਦਾ ਮਾਸਿਕ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਜੀਐੱਸਟੀ ਦਾ 99 ਫੀਸਦੀ ਤਕ ਦਾ ਹੀ ਭੁਗਤਾਨ ਇਨਪੁਟ ਟੈਕਸ ਕ੍ਰੈਡਿਟ ਦੇ ਰੂਪ ‘ਚ ਉਪਲੱਬਧ ਰਾਸ਼ੀ ਨਾਲ ਕਰ ਸਕਣਗੇ। ਇਕ ਫੀਸਦੀ ਭੁਗਤਾਨ ਉਨ੍ਹਾਂ ਨੂੰ ਹਰ ਹਾਲ ‘ਚ ਨਕਦ ‘ਚ ਕਰਨਾ ਪਵੇਗਾ। ਨਿਯਮ ‘ਚ ਸਰਕਾਰ ਨੇ ਕੁਝ ਛੋਟ ਵੀ ਦਿੱਤੀ ਹੈ। ਜੇ ਕਿਸੇ ਕੰਪਨੀ ਦੇ ਪਾਰਟਨਰ ਜਾਂ ਮੈਨੇਜਿੰਗ ਡਾਇਰੈਕਟਰ ਨੇ ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਆਮਦਨ ਕਰ ਚੁਕਾਇਆ ਹੈ ਤਾਂ ਕੰਪਨੀ ਨੂੰ ਇਸ ਨਿਯਮ ਤੋਂ ਛੋਟ ਮਿਲੇਗੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਸ ਤਰ੍ਹਾਂ ਛੋਟ ਦਿੰਦਿਆਂ ਨਿਯਮ ਬਣਾਇਆ ਹੈ, ਉਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਮਨਸ਼ਾ ਸਿਰਫ਼ ਫਰਜ਼ੀ ਬਿਲਿੰਗ ‘ਤੇ ਲਗਾਮ ਲਾਉਣਾ ਹੈ। ਜੀਐੱਸਟੀ ਮਾਹਿਰ ਤੇ ਚਾਰਟਰਡ ਅਕਾਊਂਟੈਂਟ (ਸੀਏ) ਰਾਜਿੰਦਰ ਅਰੋੜਾ ਨੇ ਕਿਹਾ ਕਿ ਦੇਸ਼ ‘ਚ 90 ਫੀਸਦੀ ਜੀਐੱਸਟੀ ਰਜਿਸਟਰਡ ਕਾਰੋਬਾਰੀ ਛੋਟੇ ਪੱਧਰ ਦੇ ਹਨ, ਜਿਨ੍ਹਾਂ ਦਾ ਕਾਰੋਬਾਰ 1.5 ਕਰੋੜ ਰੁਪਏ ਤੋਂ ਘੱਟ ਦਾ ਹੈ। ਉਨ੍ਹਾਂ ਨੂੰ ਵੀ ਇਸ ਨਿਯਮ ਤਹਿਤ ਹੁਣ ਨਕਦ ਦੇ ਰੂਪ ‘ਚ ਜੀਐੱਸਟੀ ਭੁਗਤਾਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੀਐੱਸਟੀਐੱਨ ਦੇ ਜੁਲਾਈ ਦੇ ਅੰਕੜਿਆਂ ਮੁਤਾਬਕ 85 ਫੀਸਦੀ ਜੀਐੱਸਟੀ ਕੁਲੈਕਸ਼ਨ ਸਿਰਫ਼ ਛੇ ਫੀਸਦੀ ਕਾਰੋਬਾਰੀਆਂ ਤੋਂ ਕੀਤੀ ਜਾਂਦੀ ਹੈ।

ਘੱਟ ਹੋਵੇਗੀ ਈ-ਵੇਅ ਬਿੱਲ ਦੀ ਮਿਆਦ ਜਾਇਜ਼ਤਾ

ਨਵੇਂ ਸਾਲ ਤੋਂ ਈ-ਵੇਅ ਬਿੱਲ ਦੇ ਨਿਯਮ ਵੀ ਬਦਲਣ ਜਾ ਰਹੇ ਹਨ। ਹੁਣ ਈ-ਵੇਅ ਬਿੱਲ ਦੀ ਮਿਆਦ ਦੀ ਜਾਇਜ਼ਤਾ ਦੀ ਗਿਣਤੀ ਇਕ ਦਿਨ ‘ਚ 200 ਕਿਲੋਮੀਟਰ ਦੇ ਹਿਸਾਬ ਨਾਲ ਹੋਵੇਗੀ। ਯਾਨੀ 1,000 ਕਿਲੋਮੀਟਰ ਦੂਰ ਮਾਲ ਭੇਜਣ ਲਈ ਲਿਆਂਦਾ ਗਿਆ ਈ-ਵੇਅ ਬਿੱਲ ਪੰਜ ਦਿਨਾਂ ਲਈ ਜਾਇਜ਼ ਹੋਵੇਗਾ। ਪਹਿਲਾਂ ਇਹ ਨਿਰਧਾਰਨ ਇਕ ਦਿਨ ‘ਚ 100 ਕਿਲੋਮੀਟਰ ਦੇ ਹਿਸਾਬ ਨਾਲ ਹੁੰਦਾ ਸੀ।