ਕਲਾਨੌਰ, 24 ਦਸੰਬਰ (TLT) – ਜਿਵੇਂ ਜਿਵੇਂ ਸਰਦੀ ਦਾ ਮੌਸਮ ਆਉਣਾ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਹੀ ਪਾਕਿ ਵੱਲੋਂ ਆਪਣੀਆਂ ਤਸਕਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਕੋਝੀਆਂ ਹਰਕਤਾਂ ਸ਼ੁਰੂ ਕੀਤੀਆ ਹੋਈਆ ਹਨ ਅਤੇ ਪਿਛਲੇ ਕੁੱਝ ਸਮੇਂ ਦਰਮਿਆਨ ਪਾਕਿ ਵਾਲੇ ਪਾਸਿਉਂ ਭਾਰਤ ਵੱਲ ਡਰੋਨ ਆਉਣ ਦੀਆਂ ਦਰਜਨ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ, ਬੀਤੀ ਰਾਤ ਵੀ ਸੈਕਟਰ ਗੁਰਦਾਸਪੁਰ ਦਰਮਿਆਨ ਕੌਮਾਂਤਰੀ ਸਰਹੱਦ ਨੇੜੇ ਬੀ ਐੱਸ ਐੱਫ ਦੀਆਂ ਦੋ ਪੋਸਟਾਂ ਤੇ ਪਾਕਿ ਡਰੋਨ ਭਾਰਤ ਵਾਲੇ ਪਾਸੇ ਦਾਖਲ ਹੋਇਆ। ਪਾਕਿ ਡਰੋਨ ਦੀ ਇਨ੍ਹਾਂ ਪੋਸਟਾਂ ਤੇ ਇਹ ਤੀਸਰੀ ਘਟਨਾ ਹੈ ਇਸ ਤੋਂ ਪਹਿਲਾਂ ਇਸੇ ਮਹੀਨੇ ਦੇ ਪਹਿਲੇ ਹਫ਼ਤੇ ਵੀ ਪਾਕਿ ਡਰੋਨ ਭਾਰਤ ਦਾਖ਼ਲ ਹੋਇਆ ਸੀ ਅਤੇ ਬੀਐਸਐਫ ਵੱਲੋਂ ਫਾਇਰਿੰਗ ਕਰਨ ਉਪਰੰਤ ਡਰੋਨ ਵਾਪਸ ਪਰਤ ਗਿਆ। ਦੱਸਣਯੋਗ ਹੈ ਕਿ ਇਸ ਖੇਤਰ ‘ਚ ਪਾਕਿ ਵੱਲੋਂ ਹੈਰੋਇਨ ਤਸਕਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ, ਅਤੇ ਇਸ ਇਲਾਕੇ ਚ ਅੱਜ ਪਈ ਸੰਘਣੀ ਧੁੰਦ ਦੌਰਾਨ ਵੀ ਪਾਕਿ ਦਾ ਡਰੋਨ ਭਾਰਤ ਵੱਲ ਦਾਖਲ ਹੋਇਆ। ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਸ ਅਤੇ ਬੀ.ਐਸ.ਐਫ. ਵੱਲੋਂ ਸਰਹੱਦੀ ਖੇਤਰ ਚ ਨਾਕਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ।