ਮੁੰਬਈ ਪੁਲਿਸ ਨੇ ਮਾਰਿਆ ਨਾਈਟ ਕਲੱਬ ‘ਤੇ ਛਾਪਾ, ਸੁਰੇਸ਼ ਰੈਨਾ ਅਤੇ ਸੁਜ਼ੈਨ ਖ਼ਾਨ ਸਣੇ ਕਈਆਂ ਵਿਰੁੱਧ ਮਾਮਲਾ ਦਰਜ

0
110

ਮੁੰਬਈ, 22 ਦਸੰਬਰ (TLT News) ਕੋਰੋਨਾ ਨੂੰ ਲੈ ਕੇ ਨਵੀਂ ਪਾਬੰਦੀਆਂ ਅਤੇ ਨਾਈਟ ਕਰਫ਼ਿਊ ਦੇ ਬਾਵਜੂਦ ਮੁੰਬਈ ਦੇ ਇਕ ਪੋਸ਼ ਕਲੱਬ ‘ਚ ਕ੍ਰਿਕਟਰ ਸੁਰੇਸ਼ ਰੈਨਾ ਅਤੇ ਇੰਟੀਰੀਅਰ ਡਿਜ਼ਾਈਨਰ ਤੇ ਅਦਾਕਾਰ ਰਿਤਿਕ ਰੌਸ਼ਨ ਦੀ ਪਤਨੀ ਸੁਜ਼ੈਨ ਖ਼ਾਨ ਵਲੋਂ ਪਾਰਟੀ ਕੀਤੀ ਜਾ ਰਹੀ ਸੀ। ਪੁਲਿਸ ਨੇ ਦੋਹਾਂ ਸਣੇ ਕੁੱਲ 27 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਵਲੋਂ ਰਾਤੀਂ ਕਰੀਬ 2.30 ਵਜੇ ਏਅਰਪੋਰਟ ਦੇ ਨਜ਼ਦੀਕ ਡਰੈਗਨ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ ਗਈ। ਰਿਪੋਰਟ ਮੁਤਾਬਕ ਇਸ ਕਲੱਬ ‘ਚ ਰੈਨਾ ਅਤੇ ਸੁਜ਼ੈਨ ਖ਼ਾਨ ਤੋਂ ਇਲਾਵਾ ਗਾਇਕ ਗੁਰੂ ਰੰਧਾਵਾ ਅਤੇ ਰੈਪਰ ਬਾਦਸ਼ਾਹ ਵੀ ਮੌਜੂਦ ਸਨ। ਹਾਲਾਂਕਿ ਬਾਦਸ਼ਾਹ ਕਲੱਬ ਦੇ ਪਿਛਲੇ ਗੇਟ ਰਾਹੀਂ ਬਚ ਕੇ ਨਿਕਲਣ ‘ਚ ਕਾਮਯਾਬ ਰਹੇ। ਇਸ ਰਿਪੋਰਟ ‘ਚ ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੁਲਿਸ ਨੇ ਵੱਖੋ-ਵੱਖ ਨਾਈਟ ਕਲੱਬਾਂ ਨੂੰ ਲੈ ਕੇ ਮਿਲੀ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਈ ਕਲੱਬ ਕੋਰੋਨਾ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਸਨ ਅਤੇ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ।