ਬਿਟਕੁਆਇਨ ’ਚ 170% ਦੀ ਤੇਜ਼ੀ, ਪਹਿਲੀ ਵਾਰ 20 ਹਜ਼ਾਰ ਡਾਲਰ ਤੋਂ ਪਾਰ

0
139

ਨਵੀਂ ਦਿੱਲੀ: ਡਿਜੀਟਲ ਕਰੰਸੀ ‘ਬਿਟਕੁਆਇਨ’ ’ਚ ਤਿੰਨ ਸਾਲਾਂ ਬਾਅਦ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਕਰੰਸੀ ਨੇ ਆਪਣੇ ਪੁਰਾਣੇ ਰਿਕਾਰਡ ਤੋੜਦਿਆਂ ਹੁਣ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹੁਣ ਇੱਕ ਬਿਟਕੁਆਇਨ ਦੀ ਕੀਮਤ 20 ਹਜ਼ਾਰ ਡਾਲਰ ਪਾਰ ਕਰ ਚੁੱਕੀ ਹੈ। ਬੁੱਧਵਾਰ ਨੂੰ ਇਸ ਕ੍ਰਿਪਟੋਕਰੰਸੀ ਨੇ ਪਹਿਲੀ ਵਾਰ 20 ਹਜ਼ਾਰ ਡਾਲਰ ਦਾ ਪੱਧਰ ਪਾਸ ਕੀਤਾ ਹੈ।

ਕੱਲ੍ਹ ਬੁੱਧਵਾਰ ਨੂੰ ਬਿਟਕੁਆਇਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਿੱਚ 4.5 ਫ਼ੀਸਦੀ ਦਾ ਉਛਾਲ ਵੇਖਣ ਨੂੰ ਮਿਲਿਆ ਤੇ ਇਹ 20,440 ਡਾਲਰ ਉੱਤੇ ਪੁੱਜ ਗਿਆ। ਇਸ ਡਿਜੀਟਲ ਕਰੰਸੀ ਦੀ ਕੀਮਤ ਵਿੱਚ ਲਗਪਗ 170 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਛੇਤੀ ਮੁਨਾਫ਼ਾ ਕਮਾਉਣ ਲਈ ਵੱਡੇ ਨਿਵੇਸ਼ਕਾਂ ਨੇ ਬਿਟਕੁਆਇਨ ਦਾ ਰੁਖ਼ ਕੀਤਾ ਹੈ; ਇਸੇ ਲਈ ਤੇਜ਼ੀ ਬਣੀ ਹੋਈ ਹੈ।

ਇਸੇ ਵਰ੍ਹੇ ਮਾਰਚ ਮਹੀਨੇ ਦੌਰਾਨ ਬਿਟਕੁਆਇਨ ਲਗਪਗ 5,000 ਡਾਲਰ ਦੇ ਪੱਧਰ ਉੱਤੇ ਕਾਇਮ ਸੀ ਪਰ ਕੁਝ ਹੀ ਮਹੀਨਿਆਂ ’ਚ 20 ਹਜ਼ਾਰ ਡਾਲਰ ਦਾ ਪੱਧਰ ਪਾਰ ਕਰ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਸਤ ਤੋਂ ਬਾਅਦ ਸੋਨੇ ਦੀ ਕੀਮਤ ’ਚ ਆਈ ਗਿਰਾਵਟ ਕਾਰਨ ਇਹ ਵਾਧਾ ਹੋਇਆ ਹੈ। ਉਸ ਤੋਂ ਬਾਅਦ ਨਿਵੇਸ਼ਕਾਂ ਨੇ ਸੋਨੇ ਦਾ ਪੈਸਾ ਕੱਢ ਕੇ ਬਿਟਕੁਆਇਨ ’ਚ ਲਾਇਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਰ੍ਹੇ ਅਕਤੂਬਰ ਦੇ ਬਾਅਦ ਤੋਂ ਬਿਟਕੁਆਇਨ ਫ਼ੰਡਜ਼ ’ਚ ਕਾਫ਼ੀ ਪੈਸਾ ਲੱਗਿਆ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਬਿਟਕੁਆਇਨ ਦਾ ਇਹ ਰੁਝਾਨ ਕਾਇਮ ਰਹਿ ਸਕਦਾ ਹੈ ਤੇ ਇਸ ਵਿੱਚ ਹੋਰ ਵੀ ਵਧੇਰੇ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ।